ਪੰਜਾਬ ਦਾ ਇਹ ਬਾਜ਼ਾਰ ਮੁਕੰਮਲ ਬੰਦ, ਦੁਕਾਨਾਂ ਨੂੰ ਲੱਗੇ ਤਾਲ਼ੇ

Wednesday, May 20, 2026 - 01:56 PM (IST)

ਪੰਜਾਬ ਦਾ ਇਹ ਬਾਜ਼ਾਰ ਮੁਕੰਮਲ ਬੰਦ, ਦੁਕਾਨਾਂ ਨੂੰ ਲੱਗੇ ਤਾਲ਼ੇ

ਬਰਨਾਲਾ (ਪੁਨੀਤ) : ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਬਰਨਾਲਾ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਅਤੇ ਵਿਰੋਧੀ ਧਿਰਾਂ ਵੱਲੋਂ ਸੱਤਾਧਿਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਵੇਰ ਤੋਂ ਹੀ ਸ਼ਹਿਰ ਦੀ ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿਚ ਵੱਡੇ ਪੱਧਰ 'ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਵਪਾਰ ਮੰਡਲ, ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਸੰਗਠਨਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਚੌਂਕ ਵਿਚ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਉਪਰੰਤ ਬਾਜ਼ਾਰਾਂ ਵਿਚ ਰੋਸ ਮਾਰਚ ਕੱਢ ਕੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੁਲਵੰਤ ਸਿੰਘ ਕਾਂਤਾ, ਭਾਜਪਾ ਆਗੂ ਯਾਦਵਿੰਦਰ ਸਿੰਘ ਸ਼ੈਂਟੀ, ਉਮੀਦਵਾਰ ਜੋਗਿੰਦਰ ਪਾਲ ਟਿੰਕੂ ਨੇ ਕਿਹਾ ਕਿ ਬਰਨਾਲਾ ਵਿਚ ਹੋ ਰਹੀਆਂ ਨਗਰ ਨਿਗਮ ਚੋਣਾਂ ਵਿਚ ਸੱਤਾ ਧਿਰ ਵੱਲੋਂ ਸ਼ਰੇਆਮ ਲੋਕਤੰਤਰ ਦਾ ਕਤਲ ਕਰਕੇ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਏ ਜਾ ਰਹੇ ਹਨ। ਇਸ ਤਹਿਤ ਸ਼ਹਿਰ ਦੇ ਬਿਲਕੁਲ ਵਿਚਕਾਲੇ ਬਾਜ਼ਾਰ ਦੇ ਵਾਰਡ ਨੰਬਰ 31 ਵਿਚੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਗਲਤ ਇਤਰਾਜ਼ ਲਗਾ ਕੇ ਰੱਦ ਕੀਤੇ ਗਏ ਹਨ। 

ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਸਾਰੇ ਬਰਨਾਲਾ ਦੇ ਲੋਕ ਇੱਕਜੁੱਟ ਹਨ, ਜਿਸ ਤਹਿਤ ਅੱਜ ਬਰਨਾਲਾ ਦੇ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਨੂੰ ਬਰਨਾਲਾ ਦੇ ਲੋਕਾਂ ਨੇ ਵੱਡੇ ਪੱਧਰ 'ਤੇ ਸਮਰਥਨ ਦਿੱਤਾ ਹੈ ਅਤੇ ਆਪਣੇ ਕਾਰੋਬਾਰ ਬੰਦ ਕਰਕੇ ਸੜਕਾਂ 'ਤੇ ਉਤਰੇ ਹਨ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸੱਤਾ ਧਿਰ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਇਸ ਪੂਰੀ ਚੋਣ ਦੌਰਾਨ ਅਤੇ ਖਾਸ ਤੌਰ 'ਤੇ ਵੋਟਾਂ ਵਾਲੇ ਦਿਨ ਧੱਕੇਸ਼ਾਹੀ ਹੋਵੇਗੀ। ਜਿਸ ਕਰਕੇ ਉਨ੍ਹਾਂ ਨੇ ਸਾਰੀ ਪਾਰਟੀਆਂ, ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। 


author

Gurminder Singh

Content Editor

Related News