ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨਿਯੁਕਤ

Thursday, May 28, 2026 - 06:27 PM (IST)

ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨਿਯੁਕਤ

ਚੰਡੀਗੜ੍ਹ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਾਜਪਾ ਨੇ ਪੰਜਾਬ ਵਿਚ ਨਵੇਂ ਪ੍ਰਧਾਨ ਦੇ ਐਲਾਨ ਕਰ ਦਿੱਤਾ ਹੈ। ਭਾਜਪਾ ਹਾਈਕਮਾਨ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਜੁਲਾਈ ਵਿਚ ਖਤਮ ਹੋ ਰਿਹਾ ਹੈ। ਨਵੀਂ ਨਿਯੁਕਤੀ ਤੋਂ ਬਾਅਦ ਹੁਣ ਪੰਜਾਬ ਭਾਜਪਾ ਵਿਚ ਨਵੇਂ ਦੌਰ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ, ਜਿੱਥੇ ਢਿੱਲੋਂ ਪਾਰਟੀ ਨੂੰ ਨਵੀਂ ਦਿਸ਼ਾ ਦੇਣਗੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਨਿਯੁਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਹੁਕਮਾਂ ਮੁਤਾਬਕ ਕੀਤੀ ਗਈ। ਲਿਹਾਜ਼ਾ ਢਿੱਲੋਂ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। 

ਕੇਵਲ ਸਿੰਘ ਢਿੱਲੋਂ, ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਚ ਸਰਗਰਮ ਸਨ। ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਵਿਚ ਇਕ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਰਣਨੀਤੀ ਤਹਿਤ ਇਹ ਫੈਸਲਾ ਲਿਆ ਗਿਆ ਹੈ। 75 ਸਾਲਾ ਕੇਵਲ ਸਿੰਘ ਢਿੱਲੋਂ, ਜੋ ਕਿ ਜੂਨ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, 2007 ਤੋਂ 2017 ਤੱਕ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਇਕ ਸਫਲ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ। ਕੇਵਲ ਢਿੱਲੋਂ ਮਾਲਵਾ ਦੀ ਸਿਆਸਤ ਵਿਚ ਵੱਡਾ ਆਧਾਰ ਹੈ ਅਤੇ ਮਾਲਵਾ ਦਾ ਸਿਆਸਤ ਹੀ ਪੰਜਾਬ ਵਿਚ ਅਸਲ ਦਿਸ਼ਾ ਤੈਅ ਕਰਦੀ ਹੈ। 

ਸੁਨੀਲ ਜਾਖੜ ਦੀ ਥਾਂ ਹੁਣ 'ਸਿੱਖ ਚਿਹਰੇ' 'ਤੇ ਭਰੋਸਾ

ਇਸ ਨਿਯੁਕਤੀ ਦੇ ਸਿਆਸੀ ਮਾਇਨੇ ਬਹੁਤ ਡੂੰਘੇ ਹਨ। ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਆਉਂਦੇ ਜੁਲਾਈ ਮਹੀਨੇ ਵਿਚ ਖਤਮ ਹੋ ਰਿਹਾ ਹੈ। ਜਾਖੜ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਹਾਈਕਮਾਂਡ ਨੇ ਨਵੇਂ ਚਿਹਰੇ ਦਾ ਐਲਾਨ ਕਰਕੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਪੰਜਾਬ ਦੀ ਭੂਗੋਲਿਕ ਅਤੇ ਸਮਾਜਿਕ ਸਥਿਤੀ ਨੂੰ ਦੇਖਦਿਆਂ ਪਾਰਟੀ ਲੰਬੇ ਸਮੇਂ ਤੋਂ ਸੂਬੇ ਵਿਚ ਇੱਕ ਮਜ਼ਬੂਤ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਗਠਨ ਮੰਤਰੀ ਸ੍ਰੀਨਿਵਾਸਲੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗੇ ਸੀਨੀਅਰ ਆਗੂ ਲਗਾਤਾਰ ਇਸ ਗੱਲ ਦੀ ਵਕਾਲਤ ਕਰ ਰਹੇ ਸਨ ਕਿ ਸੂਬਾ ਇਕਾਈ ਦੀ ਅਗਵਾਈ ਕਿਸੇ ਪ੍ਰਭਾਵਸ਼ਾਲੀ ਸਿੱਖ ਆਗੂ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ। ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨਾਲ ਹਾਈਕਮਾਂਡ ਨੇ ਇਸ ਰਣਨੀਤੀ 'ਤੇ ਮੋਹਰ ਲਗਾ ਦਿੱਤੀ ਹੈ।


author

Gurminder Singh

Content Editor

Related News