ਬਰਨਾਲਾ ਚੋਣ ਨਤੀਜੇ : ਭਾਜਪਾ ਦੇ ਨਾਮ ਰਿਹਾ ਅਨੋਖਾ ਰਿਕਾਰਡ
Saturday, May 30, 2026 - 04:04 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੇ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਹੋਈਆਂ ਨਗਰ ਨਿਗਮ ਚੋਣਾਂ ਨੇ ਇਲਾਕੇ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। 29 ਮਈ ਨੂੰ ਐਲਾਨੇ ਗਏ ਚੋਣ ਨਤੀਜਿਆਂ ਨੇ ਜਿੱਥੇ ਸੂਬੇ ਦੀਆਂ ਰਵਾਇਤੀ ਸਿਆਸੀ ਧਿਰਾਂ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਹੀ ਸਿਆਸੀ ਮਾਹਿਰਾਂ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਵਾਰ ਦੀਆਂ ਚੋਣਾਂ ਸਿਰਫ਼ ਸਿਆਸੀ ਤਾਕਤ ਦੇ ਪ੍ਰਦਰਸ਼ਨ ਲਈ ਹੀ ਨਹੀਂ, ਸਗੋਂ ਵੋਟਾਂ ਦੇ ਬੇਹੱਦ ਰੋਚਕ ਅਤੇ ਅਨੋਖੇ ਅੰਕੜਿਆਂ ਕਰਕੇ ਵੀ ਲੰਮਾ ਸਮਾਂ ਯਾਦ ਰੱਖੀਆਂ ਜਾਣਗੀਆਂ। ਇਨ੍ਹਾਂ ਚੋਣਾਂ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਰਿਹਾ ਕਿ ਸਭ ਤੋਂ ਵੱਡੀ ਜਿੱਤ ਅਤੇ ਸਭ ਤੋਂ ਬਾਰੀਕ (ਘੱਟ) ਫਰਕ ਨਾਲ ਜਿੱਤਣ ਦਾ ਰਿਕਾਰਡ ਇੱਕੋ ਹੀ ਪਾਰਟੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਿੱਸੇ ਆਇਆ ਹੈ।
ਰਵਾਇਤੀ ਪਾਰਟੀਆਂ ਦਾ ਹਾਲ
ਇਨ੍ਹਾਂ ਚੋਣ ਨਤੀਜਿਆਂ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਵੱਡੀਆਂ ਰਵਾਇਤੀ ਪਾਰਟੀਆਂ ਦੇ ਪੈਰ ਉਖੇੜ ਦਿੱਤੇ ਹਨ। ਕਾਂਗਰਸ ਨੇ ਸ਼ਹਿਰ ਦੇ 39 ਵਾਰਡਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਪਰ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪਾਰਟੀ ਦੇ ਖਾਤੇ ਵਿਚ ਸਿਰਫ਼ 2 ਸੀਟਾਂ ਹੀ ਆਈਆਂ। ਭਾਜਪਾ ਨੇ 27 ਸੀਟਾਂ 'ਤੇ ਚੋਣ ਲੜ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੀਟਾਂ 'ਤੇ ਜਿੱਤ ਦਰਜ ਕੀਤੀ, ਜੋ ਕਿ ਮੌਜੂਦਾ ਸਿਆਸੀ ਸਮੀਕਰਨਾਂ ਮੁਤਾਬਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ
ਅਕਾਲੀ ਦਲ ਲਈ ਇਹ ਚੋਣਾਂ ਸਭ ਤੋਂ ਨਿਰਾਸ਼ਾਜਨਕ ਰਹੀਆਂ। ਪਾਰਟੀ ਨੇ 27 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਉਹ ਇਕ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਅਤੇ ਖਾਤਾ ਵੀ ਨਹੀਂ ਖੋਲ੍ਹ ਸਕੀ। ਦੂਜੇ ਪਾਸੇ ਬਸਪਾ ਨੇ ਵੀ 2 ਵਾਰਡਾਂ ਵਿਚ ਕਿਸਮਤ ਅਜ਼ਮਾਈ ਸੀ ਪਰ ਉਸ ਦੇ ਦੋਵੇਂ ਉਮੀਦਵਾਰ ਬੁਰੀ ਤਰ੍ਹਾਂ ਚੋਣ ਹਾਰ ਗਏ।
ਇੱਕੋ ਪਾਰਟੀ ਦੇ ਨਾਮ ਰਹੇ ਦੋਵੇਂ 'ਸਿਖ਼ਰਲੇ' ਰਿਕਾਰਡ
ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਉਲਟਫੇਰ ਅਤੇ ਰੋਚਕ ਐਂਗਲ ਵੋਟਾਂ ਦੇ ਫਰਕ ਵਿਚ ਦੇਖਣ ਨੂੰ ਮਿਲਿਆ। ਜੇਕਰ ਚੋਣ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਵੋਟਾਂ ਲੈ ਕੇ ਇਤਿਹਾਸ ਰਚਣ ਵਾਲਾ ਅਤੇ ਸਭ ਤੋਂ ਘੱਟ (ਮਹਿਜ਼ 10 ਵੋਟਾਂ) ਦੇ ਫਰਕ ਨਾਲ ਜਿੱਤ ਦੀ ਨੈਆ ਪਾਰ ਲਗਾਉਣ ਵਾਲਾ, ਦੋਵੇਂ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਹੀ ਹਨ।
ਸਭ ਤੋਂ ਵੱਡੀ ਜਿੱਤ
ਵਾਰਡ ਨੰਬਰ 41 ਤੋਂ ਭਾਜਪਾ ਦੀ ਉਮੀਦਵਾਰ ਸੁਨੇਹ ਲਤਾ ਗਰਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਵੱਧ 733 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਜੇਤੂਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਪਾਸੇ, ਵਾਰਡ ਨੰਬਰ 40 ਤੋਂ ਭਾਜਪਾ ਦੇ ਹੀ ਉਮੀਦਵਾਰ ਬਾਰੂ ਸਿੰਘ ਨੇ ਸਭ ਤੋਂ ਘੱਟ ਮਹਿਜ਼ 10 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਇਸ ਜਿੱਤ ਨੇ ਸਾਬਤ ਕਰ ਦਿੱਤਾ ਕਿ ਸਿਆਸਤ ਵਿੱਚ ਇੱਕ-ਇੱਕ ਵੋਟ ਕਿੰਨੀ ਕੀਮਤੀ ਹੁੰਦੀ ਹੈ।
