ਕੋਰੋਨਾ ਨੂੰ ਲੈ ਕੇ ਸਿਹਤ ਮਹਿਕਮੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਡੀ. ਸੀ. ਨੇ ਕੀਤੀ ਖਿਚਾਈ

Sunday, Jul 19, 2020 - 01:56 PM (IST)

ਲੁਧਿਆਣਾ (ਹਿਤੇਸ਼) : ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਪ੍ਰਬੰਧ ਕਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਪੋਲ ਕਾਂਗਰਸ ਕੌਂਸਲਰ ਰਾਕੇਸ਼ ਪਰਾਸ਼ਰ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਖੁੱਲ੍ਹ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਦੇ ਲੱਛਣ ਪਾਏ ਜਾਣ ’ਤੇ ਪਰਾਸ਼ਰ ਨੇ ਖੁਦ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਦੇ ਸਟਾਫ ਨੇ ਸਿਰਫ ਫੋਨ ’ਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਬਾਰੇ ਪੁੱਛਿਆ ਅਤੇ ਘਰ ਦੇ ਬਾਹਰ ਸਟਿੱਕਰ ਲਾ ਕੇ ਚਲੇ ਗਏ, ਜਿਸ ਕਾਰਣ ਪਰਾਸ਼ਰ ਨੂੰ ਆਪਣੇ ਤੌਰ ’ਤੇ ਹਸਪਤਾਲ 'ਚ ਦਾਖਲ ਹੋਣਾ ਪਿਆ।

ਜਿੱਥੋਂ ਤੱਕ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਟੈਸਟ ਕਰਵਾਉਣ ਜਾਂ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੀ ਪ੍ਰਕਿਰਿਆ ਦਾ ਸਵਾਲ ਹੈ, ਉਸ ਸਬੰਧੀ ਸਿਹਤ ਮਹਿਕਮੇ ਨੇ 24 ਘੰਟੇ ਬੀਤਣ ’ਤੇ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ, ਜਿਸ ਸਬੰਧੀ ਡੀ. ਸੀ. ਵਰਿੰਦਰ ਸ਼ਰਮਾ ਦੇ ਕੋਲ ਸ਼ਿਕਾਇਤ ਪੁੱਜਣ ਤੋਂ ਬਾਅਦ ਸਿਹਤ ਮਹਿਕਮੇ ਦੇ ਅਫਸਰਾਂ ਨੇ ਆਪਣੀ ਲਾਪਰਵਾਹੀ ਲੁਕਾਉਣ ਲਈ ਝੂਠ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਪਰਾਸ਼ਰ ਵੱਲੋਂ ਹਸਪਤਾਲ 'ਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਇਲਾਵਾ ਉਨ੍ਹਾਂ ਦੇ ਘਰ ਟੀਮ ਭੇਜ ਕੇ ਟੈਸਟ ਲੈਣ ਦਾ ਦਾਅਵਾ ਕੀਤਾ, ਜਦੋਂ ਕਿ ਪਰਾਸ਼ਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਅਜਿਹੀ ਕਿਸੇ ਵੀ ਗੱਲ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਮਿਲਣ ’ਤੇ ਡੀ. ਸੀ. ਨੇ ਖਿਚਾਈ ਕੀਤੀ ਤਾਂ ਸਿਹਤ ਮਹਿਕਮੇ ਦੇ ਅਫਸਰ ਹਰਕਤ 'ਚ ਆਏ, ਜਿਸ ਦੇ ਤਹਿਤ ਪਰਾਸ਼ਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਆ ਕੇ ਟੈਸਟ ਕਰਵਾਉਣ ਲਈ ਕਿਹਾ ਗਿਆ। ਹਾਲਾਂਕਿ ਪਰਾਸ਼ਰ ਦੇ ਪੁੱਤ ਅਤੇ ਪਤਨੀ ਨੇ ਉਸ ਤੋਂ ਪਹਿਲਾਂ ਆਪਣੇ ਤੌਰ ’ਤੇ ਹਸਪਤਾਲ 'ਚ ਜਾ ਕੇ ਨਮੂਨੇ ਦੇ ਦਿੱਤੇ ਸਨ।
 


Babita

Content Editor

Related News