ਤਨਖਾਹਾਂ ਦੇਣ ਲਈ ਨਵਾਂ ਸਾਫਟਵੇਅਰ ਬਿਨਾਂ ਟ੍ਰੇਨਿੰਗ ਦੇ ਲਾਂਚ ਕਰਨਾ ਸਰਕਾਰ ਦੀ ਬਹਾਨੇਬਾਜ਼ੀ
Sunday, Apr 08, 2018 - 04:00 PM (IST)

ਮੋਗਾ (ਸੰਦੀਪ)-ਪਿਛਲੇ ਕੁਝ ਦਿਨਾਂ ਤੋਂ ਸਿਹਤ ਵਿਭਾਗ 'ਚ ਤਾਇਨਾਤ ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਪ੍ਰਤੀ ਉਨ੍ਹਾਂ ਦੀਆਂ ਤਨਖਾਹਾਂ ਅਤੇ ਪਿਛਲੇ ਲੰਮੇ ਸਮੇਂ ਤੋਂ ਬਕਾਏ ਭੱਤੇ ਨਾ ਜਾਰੀ ਕਰਨ ਕਰ ਕੇ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਡਿਊਟੀ ਕਰਨ ਅਤੇ ਰੋਜ਼ਾਨਾ ਗੇਟ ਰੈਲੀਆਂ ਕੱਢਣ ਦੇ ਨਾਲ-ਨਾਲ ਐਲਾਨੇ ਗਏ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦਾ ਸੂਬਾ ਸਰਕਾਰ 'ਤੇ ਕੋਈ ਵੀ ਅਸਰ ਨਹੀਂ ਦਿਖਾਈ ਦੇ ਰਿਹਾ, ਜਿਸ ਕਰ ਕੇ ਪੈਰਾਮੈਡੀਕਲ ਯੂਨੀਅਨ ਜ਼ਿਲਾ ਮੋਗਾ ਸਮੇਤ ਹੋਰ ਜਥੇਬੰਦੀਆਂ ਨੇ ਕਿਹਾ ਕਿ 9 ਅਪ੍ਰੈਲ ਤੱਕ ਜੇ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ 10 ਅਪ੍ਰੈਲ ਤੋਂ ਡਿਊਟੀ ਦਾ ਬਾਈਕਾਟ ਕਰ ਕੇ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਫਾਰਮਾਸਿਸਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਮਾਹਲਾ ਅਤੇ ਅਹੁਦੇਦਾਰ ਫਾਰਮਾਸਿਸਟ ਰਾਜਕੁਮਾਰ ਢੁੱਡੀਕੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਪਣੀ ਆਰਥਕ ਹਾਲਤ ਨੂੰ ਲੁਕਾਉਣ ਲਈ ਹਰ ਮਹੀਨੇ ਮੁਲਾਜ਼ਮਾਂ ਦੀਆਂ ਤਣਖਾਹਾਂ ਲੇਟ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਵਾਰ ਨਵਾਂ ਸਾਫਟਵੇਅਰ ਲਾਂਚ ਕਰਨ ਅਤੇ ਇਸ ਰਾਹੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਸਰਕਾਰ ਵੱਲੋਂ ਇਸ ਸਾਫਟਵੇਅਰ ਸਬੰਧੀ ਕਿਸੇ ਵੀ ਸਬੰਧਿਤ ਮੁਲਾਜ਼ਮ ਨੂੰ ਕੋਈ ਟ੍ਰੇਨਿੰਗ ਵੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 22 ਮਹੀਨਿਆਂ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਬਕਾਇਆ ਹਨ ਅਤੇ ਉਸ ਤੋਂ ਬਾਅਦ ਹੋਰ ਤਿੰਨ ਕਿਸ਼ਤਾਂ ਸਬੰਧੀ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਦੇ ਭੁਗਤਾਨ ਦੀ ਸੰਭਾਵਨਾ ਨਹੀਂ ਦਿਸ ਰਹੀ ਹੈ। ਇਸ ਤੋਂ ਇਲਾਵਾ ਮਹਿੰਗਾਈ ਦਿਨੋ-ਦਿਨ ਵੱਧ ਰਹੀ ਹੈ ਪਰ ਕੋਈ ਮਹਿੰਗਾਈ ਭੱਤਾ ਨਹੀਂ ਐਲਾਨਿਆ ਗਿਆ। ਉਨ੍ਹਾਂ ਸੂਬਾ ਸਰਕਾਰ ਤੋਂ ਜਲਦੀ ਤੋਂ ਜਲਦੀ ਉਨ੍ਹਾਂ ਦੇ ਭੁਗਤਾਨ ਕਲੀਅਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪ੍ਰਧਾਨ ਗੁਰਬਚਨ ਸਿੰਘ, ਗੁਰਚਰਨ ਸਿੰਘ ਘੋਲੀਆ, ਜਸਕਰਨ ਗਰੋਵਰ ਆਦਿ ਹਾਜ਼ਰ ਸਨ।