ਗਲੀਆਂ-ਨਾਲੀਆਂ ਤੱਕ ਹੀ ਸੀਮਿਤ ਹਰਸਿਮਰਤ ਦੇ ਗੋਦ ਲਏ ਪਿੰਡ ਮਾਨ ਦਾ ਵਿਕਾਸ (ਤਸਵੀਰਾਂ)
Friday, Apr 05, 2019 - 02:52 PM (IST)
ਲੰਬੀ/ਮਲੋਟ (ਜੁਨੇਜਾ) - ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਗੋਦ ਲਏ ਪਿੰਡ ਮਾਨ ਦੇ ਵਾਸੀਆਂ ਦੀਆਂ ਅੱਖਾਂ ਵੀ ਵਿਲੱਖਣ ਯੋਜਨਾਵਾਂ ਲਈ ਤਰਸ ਗਈਆਂ ਹਨ। ਇਹ ਪਿੰਡ ਬਠਿੰਡਾ ਪਾਰਲੀਮੈਂਟ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ ਦਾ ਪਿੰਡ ਹੈ, ਜਿਥੋਂ ਲਗਤਾਰ ਪੰਜ ਵਾਰ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਵੀ ਰਹੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਹਲਕੇ ਦੇ ਬਾਕੀ ਪਿੰਡਾਂ ਤੋਂ ਵੱਖਰਾ ਕੋਈ ਵਿਕਾਸ ਨਹੀਂ ਹੋਇਆ।
ਸਿਰਫ ਗਲੀਆਂ-ਨਾਲੀਆਂ ਹੀ ਬਣੀਆਂ
ਸਰਪੰਚ ਮੰਦਰ ਸਿੰਘ, ਪੰਚਾਇਤ ਮੈਂਬਰ ਜਗਜੀਤ ਸਿੰਘ ਅਤੇ ਪ੍ਰਧਾਨ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਅੰਦਰ ਗਲੀਆਂ-ਨਾਲੀਆਂ ਅਤੇ ਲਾਈਟਾਂ ਦਾ ਕੰਮ ਕਰੀਬ 90 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਪਿੰਡ ਅੰਦਰ ਪੰਚਾਇਤ ਘਰ, ਕਮਿਊਨਿਟੀ ਸੈਂਟਰ ਵੀ ਬਣਿਆ ਹੈ ਅਤੇ ਪਾਣੀ ਦੇ ਨਿਕਾਸ ਲਈ ਮੋਟਰਾਂ ਲਾਈਆਂ ਹਨ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਇਹ ਸਾਰਾ ਕੰਮ ਹੋਰ ਪਿੰਡਾਂ ਵਿਚ ਵੀ ਹੋਇਆ ਹੈ।
ਵਾਟਰ ਵਰਕਸ ਅਤੇ ਆਰ. ਓ. ਜਿਹੇ ਪ੍ਰਾਜੈਕਟ ਹੋਏ ਫੇਲ
ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਬਲਵੰਤ ਸਿੰਘ ਅਤੇ ਹਰਜਿੰਦਰ ਸਿਘ ਸਮੇਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਕਾਸ ਕੰਮਾਂ ਨੂੰ ਲੈ ਕੇ ਸਿਆਸੀ ਪੱਖਪਾਤ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਘਰੋਂ-ਘਰੀ ਪੈਸੇ ਇਕੱਠੇ ਕਰਕੇ 10 ਪ੍ਰਤੀਸ਼ਤ ਸਕੀਮ ਤਹਿਤ ਕੇਂਦਰ ਦੀ ਗ੍ਰਾਂਟ ਨਾਲ ਇਕ ਕਰੋੜ ਰੁਪਇਆ ਖਰਚ ਕੇ ਵਾਟਰ ਵਰਕਸ ਅਤੇ ਆਰ. ਓ. ਲਵਾਇਆ ਸੀ ਪਰ ਸਰਕਾਰ ਵੱਲੋਂ ਇਸ ਦੀ ਸਾਂਭ ਸੰਭਾਲ ਤੋਂ ਹੱਥ ਖਿੱਚਣ ਕਰਕੇ ਇਕੱਲੇ ਵਾਟਰ ਵਰਕਸ ਦਾ ਬਿਜਲੀ ਦਾ ਬਿੱਲ 38 ਲੱਖ 38 ਹਜ਼ਾਰ ਤੋਂ ਵੀ ਵੱਧ ਹੋ ਜਾਣ ਕਰਕੇ ਕੁਨੈਕਸ਼ਨ ਕੱਟਿਆ ਗਿਆ। ਨਿੱਜੀ ਕੰਪਨੀ ਹੱਥ ਸੌਂਪਣ ਕਰਕੇ ਆਰ.ਓ. ਕੰਪਨੀ ਵੀ ਭੱਜ ਗਈ। ਉਨ੍ਹਾਂ ਕਿਹਾ ਕਿ ਪਿੰਡ ਦੀ ਨਵੀਂ ਪੰਚਾਇਤ ਦੇ ਯਤਨਾਂ ਨਾਲ ਮੁੜ ਤੋਂ ਪਾਣੀ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਹੈ ਪਰ ਡਿੱਕੀਆਂ ਵਿਚ ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਜ਼ਮੀਨ ਹੇਠਲਾ ਪਾਣੀ ਪੀਣ ਲਈ ਸਪਲਾਈ ਕਰਨਾ ਮਜਬੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਤਾਂ ਕਦੋਂ ਦਾ ਨਹਿਰੀ ਪਾਣੀ ਵਾਟਰ ਵਰਕਸ ਵਿਚ ਜਾਣਾ ਸ਼ੁਰੂ ਹੋ ਜਾਂਦਾ।
ਸਿਹਤ ਸਹੂਲਤਾਂ ਨਾਮਾਤਰ, ਬੈਂਕ ਦੀ ਘਾਟ
ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਔਰਤਾਂ ਜਸਪ੍ਰੀਤ ਕੌਰ, ਗੁਰਮੇਲ ਕੌਰ ਅਤੇ ਗੁਰਦੀਪ ਕੌਰ ਤੋਂ ਇਲਾਵਾ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਕੋਈ ਸਿਵਲ ਜਾਂ ਪਸ਼ੂਆਂ ਦਾ ਸਿਹਤ ਕੇਂਦਰ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਸਿਹਤ ਸੇਵਾਵਾਂ ਲਈ ਬਾਦਲ, ਲੰਬੀ ਜਾਂ ਬਠਿੰਡਾ ਜਾਣਾ ਪੈਂਦਾ ਹੈ। ਇਸ ਲਈ ਆਮ ਗਰੀਬ, ਬਜ਼ੁਰਗ ਅਤੇ ਗਰਭਵਤੀ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਊਟੀ ਪਾਰਲਰ ਦਾ ਕੰਮ ਕਰ ਰਹੀ ਲੜਕੀ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਅੰਦਰ ਕੋਈ ਬੈਂਕ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਅਜਿਹੀ ਕੋਈ ਸਕੀਮ ਨਹੀਂ ਚਲਾਈ ਗਈ, ਜਿਸ ਨਾਲ ਨੌਜਵਾਨ ਲੜਕੀਆਂ ਨੂੰ ਬੈਂਕ ਆਦਿ ਤੋਂ ਕੋਈ ਕਰਜ਼ਾ ਜਾਂ ਹੋਰ ਸਹਾਇਤਾ ਮਿਲ ਸਕੇ ਤਾਂ ਜੋ ਉਹ ਆਪਣੇ ਪੈਰਾਂ ਸਿਰ ਹੋ ਸਕਣ।
ਗੰਦਗੀ ਦੀ ਭਰਮਾਰ
ਪਿੰਡ ਦੀ ਚਾਰਦੀਵਾਰੀ 'ਤੇ ਰੂੜੀਆਂ ਲੱਗੀਆਂ ਹੋਈਆਂ ਹਨ। ਪਿੰਡ ਅੰਦਰ ਛੱਪੜਾਂ ਵਿਚੋਂ ਪਾਣੀ ਦੀ ਨਿਕਾਸੀ ਲਈ ਮੋਟਰਾਂ ਤਾਂ ਲਾਈਆਂ ਹਨ ਅਤੇ ਚਾਰਦੀਵਾਰੀ ਵੀ ਕੀਤੀ ਹੈ ਪਰ ਪਿੰਡ ਦੇ ਤਿੰਨਾਂ ਛੱਪੜਾਂ ਦੀ ਸਫਾਈ ਨਾ ਹੋਣ ਕਰਕੇ ਗੰਦਗੀ ਦੀ ਭਰਮਾਰ ਹੈ, ਜਿਸ ਕਰਕੇ ਬੀਮਾਰੀਆਂ ਫੈਲਦੀਆਂ ਹਨ। ਇਸ ਤੋਂ ਇਲਾਵਾ ਨਾਲੀਆਂ ਅੰਦਰ ਸਫਾਈ ਦਾ ਕੋਈ ਪ੍ਰਬੰਧ ਨਹੀਂ। ਪਿੰਡ ਦੇ ਕੁਲਵਿੰਦਰ ਸਿੰਘ, ਸ਼ੋਕਰਨ ਸਿੰਘ, ਬੂਟਾ ਸਿੰਘ, ਨਿੱਕਾ ਸਿੰਘ , ਕਾਕਾ ਸਿੰਘ ਤੋਂ ਇਲਾਵਾ ਨੌਜਵਾਨ ਧਰਮਿੰਦਰ ਸਿੰਘ, ਜਗਸੀਰ ਸਿੰਘ ਦਾ ਕਹਿਣਾ ਹੈ ਕਿ ਗਰੀਬ ਪਰਿਵਾਰਾਂ ਅਤੇ ਨੌਜਵਾਨਾਂ ਲਈ ਸਿਆਸੀ ਭੇਦਭਾਵ ਤੋਂ ਉਪਰ ਉੱਠ ਕੇ ਸਹੂਲਤਾਂ ਅਤੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।