ਬਾਦਲਾਂ ਦੀ ਟੀਮ ''ਚੋਂ ''ਗੁਲਸ਼ਨ'' ਗਾਇਬ
Saturday, Mar 07, 2020 - 07:19 PM (IST)
ਬਠਿੰਡਾ (ਕੁਨਾਲ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਈ। ਇਸ ਮੌਕੇ ਬੀਬੀ ਗੁਲਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਦਾ ਸਾਥ ਇਸ ਲਈ ਛੱਡਿਆ ਹੈ ਕਿਉਂਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕਦੇ ਵੀ ਸਨਮਾਨ ਨਹੀਂ ਮਿਲਿਆ। ਉਨ੍ਹਾਂ ਦੇ ਪਿਤਾ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਪਰ ਉਨ੍ਹਾਂ ਦੇ ਪਿਤਾ ਦਾ ਕਦੇ ਜ਼ਿਕਰ ਵੀ ਨਹੀਂ ਕੀਤਾ ਗਿਆ। ਇਸ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਅਲਵਿਦਾ ਆਖ ਦਿੱਤਾ ਹੈ।
ਬੀਬੀ ਗੁਲਸ਼ਨ ਨੂੰ ਪਾਰਟੀ ਵਿਚ ਸ਼ਾਮਲ ਕਰਨ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸਿਧਾਂਤਾਂ ਲਈ ਬਣਿਆ ਸੀ, ਉਨ੍ਹਾਂ ਨੂੰ ਭੁਲਾ ਚੁੱਕਾ ਹੈ, ਜਿਸ ਦੇ ਚੱਲਦੇ ਸਿੱਖ ਪੰਥ ਲਈ ਅਕਾਲੀ ਦਲ ਟਕਸਾਲੀ ਲੜਾਈ ਲੜ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜਦਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ 'ਚ ਪਾਰਟੀ ਨਾਲ ਗੱਦਾਰੀ ਕੀਤੀ ਹੈ।
ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਸਿਰਫ ਪੈਸਿਆਂ ਨਾਲ ਰਾਜ ਕਰਦਾ ਹੈ, ਜਿਸ ਤਰ੍ਹਾਂ ਅੱਜ ਪਰਮਜੀਤ ਕੌਰ ਗੁਲਸ਼ਨ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਈ ਹੈ, ਇਸੇ ਤਰ੍ਹਾਂ ਜਲਦੀ ਹੀ ਅਮਰਪਾਲ ਸਿੰਘ ਬੋਨੀ ਅਜਨਾਲਾ ਵੀ ਟਕਸਾਲੀ ਦਲ ਵਿਚ ਵਾਪਸੀ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਅਕਾਲੀ ਦਲ 'ਤੇ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹੈ, ਉਦੋਂ ਤਕ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ।
ਇਹ ਵੀ ਪੜ੍ਹੋ : ਢੀਂਡਸਿਆਂ ਤੋਂ ਡਰੇ ਅਕਾਲੀ ਦਲ ਬਾਦਲ ਨੂੰ ਹੁਣ ਪੰਚਾਂ-ਸਰਪੰਚਾਂ ਦੀ ਓਟ!