ਹਰਸਿਮਰਤ ਤੇ ਸੁਖਬੀਰ ਦੇ ਦੋਸ਼ਾਂ ਤੋਂ ਬਾਅਦ ਸਿੱਧੂ ਦਾ ਵੱਡਾ ਹਮਲਾ (ਵੀਡੀਓ)

09/19/2018 5:16:27 PM

ਚੰਡੀਗੜ੍ਹ : ਬੀਤੇ ਦਿਨੀਂ ਹਰਸਿਮਰਤ ਬਾਦਲ ਵਲੋਂ ਪਾਕਿ ਫੌਜ ਮੁਖੀ ਨਾਲ ਜੱਫੀ ਨੂੰ ਲੈ ਕੇ ਕੀਤੇ ਗਏ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜਵਾਬੀ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਵਲੋਂ ਆਪਣੇ ਨਿੱਜੀ ਮਹੱਤਵ ਲਈ ਕੋਝੀ ਸਿਆਸਤ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਮਾਮਲਾ ਆਸਥਾ ਨਾਲ ਜੁੜਿਆ ਹੈ, ਇਸ ਲਈ ਇਸ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸਗੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਚਾਹੀਦਾ ਹੈ ਕਿ ਉਹ ਸੜਕਾਂ 'ਤੇ ਉਤਰ ਕੇ ਕਰਤਾਰਪੁਰ ਕਾਰੀਡੋਰ ਖੁਲਵਾਉਣ ਲਈ ਭਾਰਤ ਸਰਕਾਰ 'ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ ਜ਼ੋਰ ਪਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ 'ਤੇ ਗੱਲਬਾਤ ਕਰਨ ਲਈ ਕਹਿਣ। ਜੇ ਬਾਦਲ ਅਜਿਹਾ ਕਰਦੇ ਹਨ ਤਾਂ ਮੈਂ ਉਨ੍ਹਾਂ ਦੇ ਨਾਲ ਹਾਂ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਇਨ੍ਹਾਂ ਕੋਸ਼ਿਸ਼ਾਂ 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਬਾਦਲ ਇਸ ਮਾਮਲੇ ਵਿਚ ਰੰਗ 'ਚ ਭੰਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਨਣ 'ਤੇ ਮੋਦੀ ਨੇ ਫੋਨ ਕਰਕੇ ਮੁਬਾਰਕਾਂ ਦਿੱਤੀਆਂ ਸਨ ਪਰ ਹੁਣ ਬਾਦਲਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਵੀ ਪਾਕਿ ਸਰਕਾਰ ਨੂੰ ਫੋਨ ਕਰਵਾਉਣ। 

ਸੁਖਬੀਰ ਬਾਦਲ ਵਲੋਂ ਆਈ. ਐੱਸ. ਆਈ. ਨਾਲ ਸੰਬੰਧ ਅਤੇ ਫੋਨ ਕਾਲ ਡਿਟੇਲ ਦੀ ਜਾਂਚ ਕਰਵਾਉਣ ਦੇ ਲਗਾਏ ਗਏ ਦੋਸ਼ਾਂ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ 'ਚ ਸਿਰਫ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਸਿੱਧੇ ਵਾਪਸ ਆ ਗਏ, ਇਹ ਜੱਫੀ ਇਕ ਸਾਜ਼ਿਸ਼ ਨਹੀਂ ਸੀ। ਸਿੱਧੂ ਨੇ ਕਿਹਾ ਕਿ 21 ਸਤੰਬਰ ਨੂੰ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿਚ ਜਾਣ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਉਹ ਪਾਰਟੀ ਨਾਲ ਵਿਚਾਰ ਵਟਾਂਦਰਾ ਕਰਨਗੇ।


Related News