ਦੂਜਿਆਂ ਲਈ ਮਿਸਾਲ ਬਣਿਆ 23 ਸਾਲਾ ਨੌਜਵਾਨ ਲੈਫਟੀਨੈਂਟ
Monday, Mar 09, 2020 - 06:56 PM (IST)
ਨੂਰਪੁਰ ਬੇਦੀ (ਕੁਲਦੀਪ ਸ਼ਰਮਾ, ਅਵਿਨਾਸ਼ ਸ਼ਰਮਾ)— ਕਹਿੰਦੇ ਨੇ ਰੱਬ ਮਿਹਨਤ ਦਾ ਫਲ ਹਰੇਕ ਵਿਅਕਤੀ ਨੂੰ ਦਿੰਦਾ ਹੈ, ਉਹ ਮਿਹਨਤ ਕਿਹੋ ਜਿਹੀ ਕਰਦਾ ਹੈ ਇਹ ਉਸ ਵਿਅਕਤੀ 'ਤੇ ਨਿਰਭਰ ਕਰਦਾ ਹੈ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਪਿੰਡ ਅਬਿਆਣਾ ਦੇ 23 ਸਾਲਾ ਹਰਪ੍ਰੀਤ ਸਿੰਘ ਨੇ। ਪਿਤਾ ਸੂਬੇਦਾਰ ਮੇਜਰ (ਰਿਟਾ.) ਸੁਖਰਾਮ ਅਤੇ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਜਨਮੇ ਹਰਪ੍ਰੀਤ ਸਿੰਘ ਨੇ ਦਿਨ-ਰਾਤ ਦੀ ਪੜ੍ਹਾਈ ਬੀ. ਐੱਸ. ਸੀ. ਪੂਰੀ ਕਰਕੇ ਆਰਮਡ ਸਿੰਧ ਫੋਰਸ 'ਚ ਡਾਇਰੈਕਟ ਲੈਫਟੀਨੈਂਟ ਭਰਤੀ ਹੋਇਆ। ਆਪਣੀ ਇਕ ਸਾਲ ਦੀ ਟ੍ਰੇਨਿੰਗ ਪੂਰੀ ਕਰਕੇ ਆਫੀਸਰ ਟਰੇਨਿੰਗ ਅਕੈਡਮੀ ਚੇਨਈ ਤੋਂ ਜਦੋਂ ਜ਼ਿਲਾ ਰੂਪਨਗਰ ਦੇ ਪਿੰਡ ਅਬਿਆਣਾ 'ਚ ਦਾਖਲ ਹੋਇਆ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਹਰਪ੍ਰੀਤ ਦਾ ਭਰਵਾਂ ਸੁਆਗਤ ਕੀਤਾ ਗਿਆ।
ਢੋਲ ਦੇ ਡਗੇ 'ਤੇ ਭੰਗੜੇ ਪਾ ਕੇ ਕੀਤਾ ਹਰਪ੍ਰੀਤ ਦਾ ਸੁਆਗਤ
ਪਿੰਡ ਹਰੀਪੁਰ ਲਾਗਿਓਂ ਲੈਫਟੀਨੈਂਟ ਹਰਪ੍ਰੀਤ ਨੂੰ ਪਿੰਡ ਵਾਸੀ ਇਕ ਕਾਫਲੇ ਦੇ ਰੂਪ 'ਚ ਲਿਆਉਣ ਲਈ ਗਏ । ਪਿੰਡ ਪਰਤਦਿਆਂ ਨੂੰ ਪਿੰਡ ਮਾਧੋਪੁਰ ਵਾਸੀਆਂ ਵੱਲੋਂ ਵੀ ਹਰਪ੍ਰੀਤ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਇਕੱਲੇ ਪਿੰਡ ਅਬਿਆਣਾ ਲਈ ਮਾਣ ਵਾਲੀ ਗੱਲ ਨਹੀਂ ਸਗੋਂ ਇਹ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜਦੋਂ ਇਹ ਕਾਫਲਾ ਪਿੰਡ ਅਬਿਆਣਾ 'ਚ ਦਾਖਲ ਹੋਇਆ ਤਾਂ ਢੋਲ ਦੇ ਡਗੇ ਤੋਂ ਇੰਝ ਜਾਪਦਾ ਸੀ, ਜਿਵੇਂ ਕਿਸੇ ਦਾ ਵਿਆਹ ਸਮਾਗਮ ਹੋਵੇ। ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਲੈਫਟੀਨੈਂਟ ਹਰਪ੍ਰੀਤ 'ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਉਸ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।
ਢੋਲ ਦੇ ਡਗੇ 'ਤੇ ਲੋਕਾਂ ਨੇ ਭੰਗੜੇ ਪਾ ਕੇ ਲੈਫਟੀਨੈਂਟ ਹਰਪ੍ਰੀਤ ਨੂੰ ਉਸ ਦੇ ਘਰ ਤੱਕ ਪਹੁੰਚਾਇਆ। ਲੈਫਟੀਨੈਂਟ ਹਰਪ੍ਰੀਤ ਨੇ ਦੱਸਿਆ ਕਿ ਟ੍ਰੇਨਿੰਗ ਸਮੇਂ ਉਸ ਨੂੰ ਵਧੀਆਂ ਸੇਵਾਵਾਂ ਨਿਭਾਉਣ ਅਤੇ ਨੇਵੀ ਚੀਫ ਕਰਮਵੀਰ ਸਿੰਘ ਵੱਲੋਂ ਐਵਾਰਡ ਆਫ ਆਨਰ ਅਤੇ ਗੋਲਡ ਮੈਡਲ ਨਾਲ ਉਸ ਨੂੰ ਸਨਮਾਨਤ ਕੀਤਾ ਗਿਆ। ਇਸ ਛੋਟੀ ਉਮਰ ਦੇ ਨੌਜਵਾਨ ਨੇ ਜਿੱਥੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਉੱਥੇ ਹੀ ਇਹ ਨੌਜਵਾਨ ਇਲਾਕੇ ਦੇ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ।
ਇਹੋ ਜਿਹੇ ਮਿਹਨਤੀ ਨੌਜਵਾਨਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਇਸ ਮੌਕੇ ਪਿੰਡ ਦੇ ਮੋਹਤਬਾਰ ਲੋਕਾਂ ਤੋਂ ਇਲਾਵਾ ਪਿਤਾ ਸੁਖਰਾਮ, ਪਰਿਵਾਰਕ ਮੈਂਬਰ ਦੇਵਰਾਜ ਸੈਣੀ, ਜੀਤ ਸਿੰਘ, ਲਛਮਣ ਸਿੰਘ, ਮਾਸਟਰ ਰਾਮ ਸਿੰਘ ਕਿਹਾ ਕਿ ਉਹ ਆਪਣੇ ਹਰਪ੍ਰੀਤ ਦੀ ਪ੍ਰਾਪਤੀ ਲਈ ਕਾਫੀ ਮਾਣ ਮਹਿਸੂਸ ਕਰ ਰਹੇ ਹਨ।