ਕੋਰੋਨਾ ਨੂੰ ਮਾਤ ਦੇਣ ਲਈ ਵੱਡੇ ਪੱਧਰ ''ਤੇ ਟੈਸਟ ਤੇ ਪਲਾਜ਼ਮਾ ਥੈਰੇਪੀ ਅਪਣਾਏ ਕੈਪਟਨ ਸਰਕਾਰ : ਚੀਮਾ
Saturday, Apr 25, 2020 - 01:58 AM (IST)
ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵਿਚ ਕੇਜਰੀਵਾਲ ਸਰਕਾਰ ਵਾਂਗ ਕੋਰੋਨਾ ਵਾਇਰਸ ਦੀ ਜਾਂਚ ਲਈ ਵੱਡੇ ਪੱਧਰ 'ਤੇ ਟੈੱਸਟ (ਜਾਂਚ) ਅਤੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਜ਼ੋਰ ਦੇਵੇ ਤਾਂ ਕਿ ਕੋਰੋਨਾ ਮਹਾਮਾਰੀ ਨੂੰ ਹਰਾਇਆ ਜਾ ਸਕੇ। ਪਾਰਟੀ ਹੈੱਡਕੁਆਰਟਰ ਤੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਅਪਣਾਏ ਜਾ ਰਹੇ ਵੱਖ-ਵੱਖ ਤਰੀਕਿਆਂ ਅਤੇ ਇਲਾਜ ਪ੍ਰਣਾਲੀਆਂ ਤਹਿਤ ਦਿੱਲੀ ਸਰਕਾਰ ਨੇ ਜਿੱਥੇ ਪ੍ਰਭਾਵਿਤ ਖੇਤਰਾਂ ਨੂੰ ਕੈਂਟੋਨਮੈਂਟ ਜ਼ੋਨਾਂ 'ਚ ਵੰਡ ਕੇ ਵੱਡੇ ਪੱਧਰ 'ਤੇ ਟੈੱਸਟ (ਜਾਂਚ) ਮੁਹਿੰਮ ਵਿੱਢੀ ਹੋਈ ਹੈ, ਉੱਥੇ ਹੀ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਜ਼ੋਰ ਦਿੱਤਾ, ਜਿਸ ਦੀ ਸਫਲਤਾ ਨੇ ਵੱਡੀਆਂ ਉਮੀਦਾਂ ਅਤੇ ਹੌਸਲਾ ਦਿੱਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਢਲੇ ਪੜਾਅ 'ਤੇ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ 4 ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਇਲਾਜ ਵਿਧੀ ਅਪਣਾਈ ਗਈ ਸੀ। ਇਨ੍ਹਾਂ 'ਚੋਂ ਆਈ.ਸੀ.ਯੂ. 'ਚ ਦਾਖਲ 2 ਮਰੀਜ਼ ਠੀਕ ਹੋ ਕੇ ਜਨਰਲ ਵਾਰਡ ਵਿਚ ਆ ਗਏ ਹਨ, ਜਦਕਿ 2 ਦੀ ਹਾਲਤ 'ਚ ਤੇਜ਼ੀ ਨਾਲ ਤਸੱਲੀਬਖਸ਼ ਸੁਧਾਰ ਹੋ ਰਿਹਾ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡੇ ਪੱਧਰ 'ਤੇ ਪਲਾਜ਼ਾਮਾ ਥੈਰੇਪੀ ਵਿਧੀ ਅਪਣਾਉਣ ਦਾ ਫੈਸਲਾ ਲਿਆ ਅਤੇ ਇਸ ਬਾਰੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਇਜਾਜ਼ਤ ਮੰਗੀ ਹੈ। ਇਸ ਲਈ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰਨ ਦਾ ਖ਼ੁਦ ਬੀੜਾ ਚੁੱਕਿਆ ਹੋਇਆ ਹੈ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਲਾਜ਼ਮਾ ਦੇ ਵੱਧ ਤੋਂ ਵੱਧ ਦਾਨ ਕਰਨ ਲਈ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿੰਨਾ ਨੇ ਕੋਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤੀ ਹੈ।
ਜ਼ਿਕਰਯੋਗ ਹੈ ਕਿ ਪਲਾਜ਼ਮਾ ਖ਼ੂਨ ਦੇ ਕਤਰੇ 'ਚ ਪਾਇਆ ਜਾਨ ਵਾਲਾ ਇੱਕ ਵਾਈਟ ਬਲੱਡ ਹੁੰਦਾ ਹੈ, ਜਿਸ ਨੂੰ ਦਾਨ (ਡੋਨੇਟ) ਕਰਨ ਨਾਲ ਦਾਨੀ ਦੇ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਇਸ ਨੂੰ ਹਫਤੇ 'ਚ 2 ਵਾਰ ਦਾਨ ਕੀਤਾ ਜਾ ਸਕਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਾਕਡਾਊਨ (ਕਰਫ਼ਿਊ) ਦੇ ਬਾਵਜੂਦ ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸਾਂ ਦਾ ਵਧਣਾ ਚਿੰਤਾ ਵਾਲੀ ਗੱਲ ਹੈ ਪਰ ਇਸ ਨੂੰ ਵੱਡੇ ਪੱਧਰ 'ਤੇ ਟੈਸਟਿੰਗ ਮੁਹਿੰਮ ਚਲਾ ਕੇ ਕਾਬੂ ਕੀਤਾ ਜਾ ਸਕਦਾ ਹੈ। ਚੀਮਾ ਨੇ ਲੋਕਾਂ ਨੂੰ ਹਰ ਹਾਲ ਘਰਾਂ 'ਚ ਰਹਿਣ ਦੀ ਅਪੀਲ ਕਰਦਿਆਂ ਸੁਚੇਤ ਕੀਤਾ ਕਿ ਕੋਰੋਨਾ ਪ੍ਰਭਾਵਿਤ ਜਿੰਨਾ ਲੋਕਾਂ 'ਚ ਕੋਰੋਨਾ ਦਾ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦਾ, ਉਹ ਜ਼ਿਆਦਾ ਵੱਡੀ ਚੁਣੌਤੀ ਬਣ ਰਹੇ ਹਨ। ਜਿਸਦਾ ਇਕੋ-ਇਕ ਤੋੜ ਵਿਆਪਕ ਟੈਸਟਿੰਗ (ਜਾਂਚ) ਹੈ।