ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ
Saturday, Aug 02, 2025 - 11:21 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ)-ਪੰਜਾਬ ਵਿਚ 'ਆਪ' ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਚੱਲਿਆ ਹੈ। ਵਿਰੋਧੀ ਧਿਰ ਕਾਂਗਰਸ ਸੱਤਾ ਵਿਚ ਵਾਪਸੀ ਲਈ ਬੇਸ਼ੱਕ ਆਪਣੀ ਵਾਅ ਤਾਂ ਲਗਾ ਰਹੀ ਹੈ ਪਰ ਕਾਂਗਰਸ ਨੂੰ ਪਾਰਟੀ ਦੀ ਅੰਦਰੂਨੀ ਲੜਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਜਿੱਥੇ ਬਹੁ-ਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਲੋਕ ਨਹੀਂ ਹਰਾਉਂਦੇ, ਸਗੋਂ ਕਾਂਗਰਸ ਖ਼ੁਦ ਹਰਾਉਂਦੀ ਹੈ, ਉੱਥੇ ਹੀ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਇੰਚਾਰਜ ਨਵਤੇਜ ਸਿੰਘ ਚੀਮਾ ਦਾ ਵੀ ਇਹ ਮੰਨਣਾ ਹੈ ਕਿ ਸਲੀਪਰ ਸੈੱਲ ਪਾਰਟੀ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਰਾਣਾ ਗੁਰਜੀਤ ਨੂੰ ਆਪਣੀ ਹਾਰ ਦਾ ਜ਼ਿੰਮੇਵਾਰ ਦੱਸਦਿਆਂ ਪਾਰਟੀ ਹਾਈਕਮਾਂਡ ਤੋਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
• ਕੀ ਤੁਸੀਂ ਵੀ ਕਾਂਗਰਸ ਪਾਰਟੀ ਦੀ ਲੜਾਈ ਤੋਂ ਪੀੜਤ ਹੋ?
-ਬਿਲਕੁਲ, ਅਸੀਂ ਸੁਣਦੇ ਹੁੰਦੇ ਸੀ ਕਿ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ, ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਹੈ। 2022 ਵਿਚ ਮੈਨੂੰ ਵੀ ਵਿਰੋਧੀਆਂ ਨੇ ਨਹੀਂ ਸਗੋਂ ਆਪਣੀ ਪਾਰਟੀ ਦੇ ਲੀਡਰਾਂ ਨੇ ਹੀ ਹਰਾ ਦਿੱਤਾ ਸੀ। ਜਦੋਂ ਸਰਕਾਰ ਦਾ ਮੌਜੂਦਾ ਮੰਤਰੀ ਖੁੱਲ੍ਹ ਕੇ ਆਪਣੇ ਪੁੱਤਰ ਨੂੰ ਪਾਰਟੀ ਦੇ ਵਿਰੁੱਧ ਚੋਣ ਲੜਵਾ ਰਿਹਾ ਹੈ ਤਾਂ ਹਾਈਕਮਾਂਡ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਪਰ ਪਾਰਟੀ ਨੇ ਧਿਆਨ ਨਹੀਂ ਦਿੱਤਾ। ਰਾਣਾ ਗੁਰਜੀਤ ਖ਼ੁਦ ਕਹਿ ਚੁੱਕੇ ਹਨ ਕਿ ਹਾਈਕਮਾਂਡ ਨੂੰ ਇਸ ਗੱਲ ਦਾ ਪਤਾ ਸੀ ਅਤੇ ਜੇ ਹਾਈਕਮਾਂਡ ਮੇਰੇ ਨਾਲ ਨਾ ਹੁੰਦੀ ਤਾਂ ਮੈਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਜਾਣਾ ਸੀ।
ਇਹ ਬਿਆਨ ਕਾਂਗਰਸ ਹਾਈਕਮਾਂਡ ਉੱਪਰ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਜੇ ਰਾਣਾ ਗੁਰਜੀਤ ਦੀ ਗੱਲ ਸੱਚੀ ਹੈ ਤਾਂ ਇਹ ਬੜੀ ਵੱਡੀ ਗੱਲ ਹੈ ਕਿ ਕਾਂਗਰਸ ਟਿਕਟ ਦੇਣ ਤੋਂ ਬਾਅਦ ਆਪਣੇ ਹੀ ਉਮੀਦਵਾਰ ਨੂੰ ਹਰਾਉਣ ਲਈ ਕਿਸੇ ਦੂਜੇ ਲੀਡਰ ਨੂੰ ਖੁੱਲ੍ਹ ਦੇਵੇ। ਜੇ ਹੁਣ ਵੀ ਹਾਈਕਮਾਂਡ ਨੇ ਐਕਸ਼ਨ ਨਾ ਲਿਆ ਤਾਂ ਸਾਰੇ ਦੇਸ਼ ਦੇ ਵਰਕਰਾਂ ਵਿਚ ਇਹ ਗੱਲ ਜਾਵੇਗੀ ਕਿ ਕਾਂਗਰਸ ਦੀ ਟਿਕਟ ਲੈਣ ਦਾ ਕੋਈ ਫ਼ਾਇਦਾ ਨਹੀਂ, ਪੈਸੇ ਵਾਲੇ ਲੋਕ ਜਦੋਂ ਮਰਜ਼ੀ ਉਨ੍ਹਾਂ ਨੂੰ ਹਰਾ ਦੇਣ, ਪਾਰਟੀ ਉਨ੍ਹਾਂ ਦਾ ਹੀ ਸਾਥ ਦੇਵੇਗੀ। ਕਾਂਗਰਸ ਨੂੰ ਇਕ ਪਾਸਾ ਕਰਨਾ ਪਵੇਗਾ। ਰਾਣਾ ਗੁਰਜੀਤ ਵੱਲੋਂ ਅਜਿਹਾ ਬਿਆਨ ਦੇਣਾ ਸਿੱਧਾ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮੱਲਿਕਾਰਜੁਨ ਖੜਗੇ ਨੂੰ ਚੈਲੰਜ ਹੈ।
• ਤੁਸੀਂ ਰਾਣਾ ਗੁਰਜੀਤ ਦੇ ਇਸ ਬਿਆਨ ਬਾਰੇ ਭੂਪੇਸ਼ ਬਘੇਲ ਨਾਲ ਗੱਲਬਾਤ ਕੀਤੀ?
-ਮੈਂ ਉਨ੍ਹਾਂ ਨੂੰ ਲਿਖ਼ਤੀ ਤੌਰ ’ਤੇ ਭੇਜਿਆ ਹੈ ਅਤੇ ਖ਼ੁਦ ਵੀ ਦਿੱਲੀ ਜਾ ਕੇ ਗੱਲਬਾਤ ਕਰਾਂਗਾ। ਮੈਂ ਸਮਝਦਾ ਹਾਂ ਕਿ 2027 ਵਿਚ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਇਕ ਹੋਰ ਸਿਵਲ ਹਸਪਤਾਲ ਦਾ ਆਕਸੀਜ਼ਨ ਪਲਾਂਟ ਬੰਦ
• ਤੁਹਾਨੂੰ ਕੀ ਲੱਗਦਾ ਹੈ ਕਿ 2027 ਵਿਚ ਪਾਰਟੀ ਤੁਹਾਡਾ ਸਾਥ ਦੇਵੇਗੀ?
-ਰਾਹੁਲ ਗਾਂਧੀ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਵਿਚੋਂ ‘ਸਲੀਪਰ ਸੈੱਲ’ ਬਾਹਰ ਕੱਢੇ ਜਾਣਗੇ ਤਾਂ ਉਨ੍ਹਾਂ ’ਤੇ ਐਕਸ਼ਨ ਵੀ ਲੈਣਾ ਪਵੇਗਾ, ਸਿਰਫ਼ ਕਹਿਣ ਨਾਲ ਕੰਮ ਨਹੀਂ ਬਣਨਾ, ਸਲੀਪਰ ਸੈੱਲ ’ਤੇ ਕਾਰਵਾਈ ਹੋਣੀ ਚਾਹੀਦੀ ਹੈ।
• ਰਾਣਾ ਗੁਰਜੀਤ ਕਹਿੰਦੇ ਨੇ ਆਜ਼ਾਦ ਤੌਰ ’ਤੇ ਲੜਨਾ ਮੇਰੇ ਪੁੱਤਰ ਦਾ ਹੱਕ ਹੈ, ਪਾਰਟੀ ਕਿਵੇਂ ਰੋਕ ਸਕਦੀ ਹੈ?
-ਪੁੱਤਰ ਆਜ਼ਾਦ ਚੋਣ ਲੜੇ ਪਰ ਕਾਂਗਰਸ ਦਾ ਮੰਤਰੀ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਕਿਵੇਂ ਲੜ ਸਕਦਾ ਹੈ। ਮੰਤਰੀ ਨੇ ਚੋਣ ਪ੍ਰਚਾਰ ਦੀ ਸਾਰੀ ਮੁਹਿੰਮ ਖ਼ੁਦ ਸੰਭਾਲੀ ਸੀ। ਉਨ੍ਹਾਂ ਪਾਰਟੀ ਦੇ ਵੱਡੇ ਲੀਡਰਾਂ ਨਾਲ ਨੇੜਲੇ ਹਲਕਿਆਂ ਵਿਚ ਆ ਕੇ ਪ੍ਰਚਾਰ ਕੀਤਾ ਅਤੇ ਕਿਹਾ ਕਿ ਉਹ ਵੀ ਆਪਣਾ ਹੀ ਉਮੀਦਵਾਰ ਹੈ। ਆਜ਼ਾਦ ਤੌਰ ’ਤੇ ਚੋਣ ਲੜਨ ’ਚ ਕੋਈ ਹਰਜ਼ ਨਹੀਂ ਪਰ ਪਾਰਟੀ ਦਾ ਮੋਢਾ ਵਰਤਣਾ ਗਲਤ ਹੈ। ਪਾਰਟੀ ਦੇ ਵਰਕਰ ਵੀ ਇਹ ਗੱਲ ਮਹਿਸੂਸ ਕਰਦੇ ਹਨ ਕਿ ਜੇ ਮੰਤਰੀ ਖ਼ੁਦ ਕਿਸੇ ਹੋਰ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ ਤਾਂ ਬਹੁਤ ਫ਼ਰਕ ਪੈਂਦਾ ਹੈ। ਉਸ ਵੇਲੇ ਜ਼ਿਲ੍ਹੇ ਦੇ ਇੰਚਾਰਜ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਇਸ ਚੀਜ਼ ਦੇ ਵਿਰੁੱਧ ਰਿਪੋਰਟ ਭੇਜੀ ਸੀ ਕਿ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੌਜੂਦਾ ਮੰਤਰੀ ਆਪਣੀ ਹੀ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਪ੍ਰਚਾਰ ਕਰੇ।
• ਕੀ ਪਾਰਟੀ ਪ੍ਰਧਾਨ ਤੁਹਾਡੇ ਨਾਲ ਖੜ੍ਹੇ ਹਨ?
-ਮੈਂ 2022 ਦੀ ਗੱਲ ਕਰ ਰਿਹਾ ਹਾਂ ਜਦੋਂ ਰਾਜਾ ਵੜਿੰਗ ਸਾਡੇ ਪ੍ਰਧਾਨ ਨਹੀਂ ਸਨ ਅਤੇ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਲੀਡਰ ਨਹੀਂ ਸਨ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੀ ਲੀਡਰਸ਼ਿਪ ਵਿਚ ਹੀ ਸਭ ਕੁਝ ਹੋਇਆ ਪਰ ਹੁਣ ਜਿਹੜਾ ਚੈਲੰਜ ਉਨ੍ਹਾਂ ਨੇ ਹਾਈਕਮਾਂਡ ਨੂੰ ਕੀਤਾ ਹੈ, ਇਸ ਦਾ ਅਸਰ ਸਾਰੇ ਦੇਸ਼ ਵਿਚ ਪਵੇਗਾ। ਕਾਰਵਾਈ ਦੀ ਲੋੜ ਅੱਜ ਹੈ, ਨਹੀਂ ਤਾਂ ਲੋਕ ਸਮਝਣਗੇ ਕਿ ਜੋ ਰਾਣਾ ਬੋਲ ਰਿਹਾ, ਉਹ ਸੱਚ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ, ਤੜਫ਼-ਤੜਫ਼ ਕੇ ਦੋਹਾਂ ਦੀ ਹੋਈ ਮੌਤ
• ਕੀ ਪਾਰਟੀ ਪ੍ਰਧਾਨ ਕੋਲ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਣ ਦੀ ਤਾਕਤ ਨਹੀਂ ਹੈ?
-ਪਾਰਟੀ ਪ੍ਰਧਾਨ ਨੂੰ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ। ਹੁਣ ਉਨ੍ਹਾਂ ਨੇ ਸ਼ਰੇਆਮ ਇਹ ਗੱਲ ਕਹਿ ਦਿੱਤੀ ਕਿ ਹਾਈਕਮਾਂਡ ਉਨ੍ਹਾਂ ਦੇ ਨਾਲ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਕਾਂਗਰਸ ਦੀ ਟਿਕਟ ਲੈਣ ਦੀ ਲੋੜ ਨਹੀਂ, ਹਾਈਕਮਾਂਡ ਉਸ ਨਾਲ ਹੋਵੇਗੀ, ਜਿਸ ਕੋਲ ਪੈਸੇ ਦੀ ਤਾਕਤ ਹੋਵੇ। ਹੁਣ ਪਾਰਟੀ ਹਾਈਕਮਾਂਡ ਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਕਿ ਤੁਸੀਂ ਕਿੱਧਰ ਹੋ। ਇਸ ’ਤੇ ਬਹੁਤ ਪਹਿਲਾਂ ਹੀ ਐਕਸ਼ਨ ਹੋ ਜਾਣਾ ਚਾਹੀਦਾ ਸੀ ਪਰ ਜੇ ਹੁਣ ਵੀ ਐਕਸ਼ਨ ਨਹੀਂ ਹੁੰਦਾ ਤਾਂ ਬਹੁਤ ਦੇਰ ਹੋ ਜਾਵੇਗੀ।
• ਤੁਹਾਡੀਆਂ ਸ਼ਿਕਾਇਤਾਂ ਦਾ ਪਾਰਟੀ ਨੇ ਕੋਈ ਜਵਾਬ ਦਿੱਤਾ?
-ਮੈਨੂੰ ਕੋਈ ਜਵਾਬ ਨਹੀਂ ਮਿਲਿਆ ਪਰ ਉਸ ਦਾ ਅਸਰ ਇਹ ਹੋਇਆ ਕਿ ਇਹ ਲੋਕ ਸਭਾ ਚੋਣਾਂ ਵਿਚ ਦੋ ਟਿਕਟਾਂ ਮੰਗਦੇ ਸੀ ਪਰ ਪਾਰਟੀ ਨੇ ਕੋਈ ਟਿਕਟ ਨਹੀਂ ਦਿੱਤੀ ਜਦਕਿ ਹੁਣ ਤਾਂ ਉਨ੍ਹਾਂ ਨੇ ਸਿੱਧਾ ਹਾਈਕਮਾਂਡ ਨੂੰ ਹੀ ਚੈਲੰਜ ਕਰ ਦਿੱਤਾ। ਇਸ ਬਾਰੇ ਰਾਜਾ ਵੜਿੰਗ ਨਾਲ ਵੀ ਗੱਲ ਹੋਈ ਹੈ, ਉਨ੍ਹਾਂ ਨੇ ਸੈਸ਼ਨ ਦੌਰਾਨ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਸਾਰੀ ਗੱਲ ਲਿਆਂਦੀ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਕਰਕੇ ਹੀ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਹੈ ਕਿ ਪਾਰਟੀ ਵਿਚ ਬੈਠੇ ‘ਸਲੀਪਰ ਸੈੱਲਸ’ ’ਤੇ ਕਾਰਵਾਈ ਹੋਵੇਗੀ।
• ਜੇ 2027 ਤਕ ਰਾਣਾ ਗੁਰਜੀਤ ਖ਼ਿਲਾਫ਼ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਤੁਹਾਡਾ ਕੀ ਸਟੈਂਡ ਹੋਵੇਗਾ?
-ਮੈਨੂੰ 100 ਫ਼ੀਸਦੀ ਭਰੋਸਾ ਹੈ ਕਿ ਪਾਰਟੀ ਮੈਨੂੰ ਟਿਕਟ ਦੇਵੇਗੀ ਤੇ ਮੈਂ ਪੂਰੇ ਜ਼ੋਰ ਨਾਲ ਲੜਾਂਗਾ। ਪਾਰਟੀ ਦੇ ਕਈ ਲੀਡਰਾਂ ਨਾਲ ਵੀ ਮੇਰੀ ਗੱਲ ਹੋਈ ਹੈ ਕਿ ਹੁਣ ਇਹ ਕੰਮ ਨਹੀਂ ਚੱਲੇਗਾ ਕਿ ਇਕ ਨੇ ਪਾਰਟੀ ਤੋਂ ਟਿਕਟ ਲੈ ਲਈ ਤੇ ਦੂਜੇ ਨੇ ਆਜ਼ਾਦ ਲੜ ਲਿਆ। ਇਕੱਲਾ ਆ ਕੇ ਚੋਣ ਲੜ ਲਵੇ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਲੋਕਾਂ ਤੋਂ ਬੜਾ ਚੰਗਾ ਫੀਡਬੈਕ ਮਿਲ ਰਿਹਾ ਹੈ ਪਰ ਲੋਕ ਵੀ ਇਹ ਸਵਾਲ ਕਰਦੇ ਹਨ ਕਿ ਪਾਰਟੀ ਕਿੱਥੇ ਖੜ੍ਹੀ ਹੈ?
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਪੁਲ, ਖੜ੍ਹੀ ਹੋਈ ਵੱਡੀ ਮੁਸੀਬਤ
• ਕੀ ਤੁਹਾਡਾ ਹਾਰ ਜਾਣਾ ਵੀ ਰਾਣਾ ਗੁਰਜੀਤ ਦਾ ਮਜ਼ਬੂਤ ਹੋਣਾ ਹੈ?
-ਉਨ੍ਹਾਂ ਨੇ ਪਾਰਟੀ ਦਾ ਮੋਢਾ ਤੇ ਪੈਸਾ ਵਰਤਿਆ। ਪਾਰਟੀ ਤੋਂ ਬਗ਼ੈਰ ਚੋਣ ਲੜਨ ਤਾਂ ਮੈਨੂੰ ਕੋਈ ਪਰਵਾਹ ਨਹੀਂ। 2022 ਦੀਆਂ ਚੋਣਾਂ ਵਿਚ ਇਸ ਗੱਲ ਦਾ ਸਿਰਫ਼ ਮੇਰੀ ਸੀਟ ’ਤੇ ਨਹੀਂ ਸਗੋਂ ਪੂਰੇ ਪੰਜਾਬ ਵਿਚ ਅਸਰ ਪਿਆ। ਉਸ ਦੌਰਾਨ ਕਿੰਨੇ ਹੀ ਵੱਡੇ ਲੀਡਰ ਹਾਰ ਗਏ। ਪਾਰਟੀ ਜਦੋਂ ਸਖ਼ਤ ਫ਼ੈਸਲੇ ਨਹੀਂ ਲੈ ਪਾਉਂਦੀ ਉਦੋਂ ਹੀ ਕਮਜ਼ੋਰ ਹੁੰਦੀ ਹੈ। ਸੂਬੇ ਦੀ ਲੀਡਰਸ਼ਿਪ ਨੇ ਰਾਹੁਲ ਗਾਂਧੀ ਤੇ ਪੂਰੀ ਹਾਈਕਮਾਂਡ ਦੇ ਧਿਆਨ ਵਿਚ ਲਿਆਂਦਾ ਹੈ, ਹੁਣ ਉਨ੍ਹਾਂ ’ਤੇ ਹੈ ਕਿ ਉਹ ਕਦੋਂ ਪੰਜਾਬ ਵੱਲ ਧਿਆਨ ਦਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
• ਕਾਂਗਰਸੀਆਂ ’ਤੇ ਪਰਚੇ ਤੇ ਰਾਣਾ ਗੁਰਜੀਤ ਨੂੰ ਇਥਾਨੋਲ ਦੇ ਲਾਇਸੈਂਸ ਕਿਵੇਂ?
-ਇਸ ਪਿੱਛੇ ਸਭ ਤੋਂ ਵੱਡੀ ਤਾਕਤ ਪੈਸੇ ਦੀ ਹੈ। ਮੱਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਲਾਇਆ ਤੇ ਰਾਜਾ ਵੜਿੰਗ ਨੂੰ ਚੈਲੰਜ ਕਰਨਾ ਸਿੱਧਾ ਰਾਹੁਲ ਗਾਂਧੀ ਨੂੰ ਚੈਲੰਜ ਕਰਨ ਦੇ ਬਰਾਬਰ ਹੈ। ਸਾਡੇ ਲੀਡਰਾਂ ’ਤੇ ਤਾਂ ਪਰਚੇ ਹੋ ਰਹੇ ਹਨ ਪਰ ਇਨ੍ਹਾਂ ਨੂੰ ਇਥਾਨੋਲ ਦੇ ਲਾਇਸੈਂਸ ਦਿੱਤੇ ਜਾ ਰਹੇ ਹਨ। ਬਿਜ਼ਨੈੱਸਮੈਨ ਕਦੇ ਵੀ ਸਰਕਾਰ ਦੇ ਉਲਟ ਹੋ ਕੇ ਪਾਰਟੀ ਨਾਲ ਖੜ੍ਹਾ ਨਹੀਂ ਹੋ ਸਕਦਾ। ਹਾਈਕਮਾਂਡ ਨੂੰ ਵੇਖਣਾ ਚਾਹੀਦਾ ਹੈ ਕਿ ਮੌਜੂਦਾ ਸਰਕਾਰ ਵੇਲੇ ਹੋਈਆਂ ਕਿੰਨੀਆਂ ਚੋਣਾਂ ਵਿਚ ਇਨ੍ਹਾਂ ਨੂੰ ਇੰਚਾਰਜ ਲਗਾਇਆ ਗਿਆ ਅਤੇ ਉਸ ਦੇ ਕੀ ਨਤੀਜੇ ਨਿਕਲੇ। ਇਸ ਸਭ ਨਾਲ ਪਾਰਟੀ ਖ਼ਿਲਾਫ਼ ਇਹੋ ਸੁਨੇਹਾ ਜਾ ਰਿਹਾ ਹੈ ਕਿ ਕਾਂਗਰਸ ਵਿਚ ਅਨੁਸ਼ਾਸਨ ਦੀ ਕਮੀ ਹੈ। ਇਹ ਲੋਕ ਕਾਂਗਰਸ ਵਿਚ ਰਹਿ ਕੇ ਵੀ ਭਾਜਪਾ ਦੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਵੱਡੀ ਵਾਰਦਾਤ! ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e