ਹਰਪਾਲ ਚੀਮਾ ਨੇ ਸਰਕਾਰੀ ਗੱਡੀ ਲੈਣ ਤੋਂ ਕੀਤਾ ਇਨਕਾਰ

Saturday, Sep 29, 2018 - 12:38 PM (IST)

ਹਰਪਾਲ ਚੀਮਾ ਨੇ ਸਰਕਾਰੀ ਗੱਡੀ ਲੈਣ ਤੋਂ ਕੀਤਾ ਇਨਕਾਰ

ਬਠਿੰਡਾ : ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਗੱਡੀ ਕੈਮਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਚੀਮਾ ਹੁਣ ਵਿਧਾਇਕ ਦੇ ਤੌਰ 'ਤੇ ਮਿਲੀ ਹੋਈ ਇਨੋਵਾ ਗੱਡੀ ਦਾ ਹੀ ਇਸਤੇਮਾਲ ਕਰਨ ਲੱਗੇ ਹਨ। ਪੰਜਾਬ ਸਰਕਾਰ ਵਲੋਂ 26 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਵਿਰੋਧੀ ਧਿਰ ਦੇ ਨੇਤਾ ਨੂੰ ਪ੍ਰਾਈਵੇਟ ਗੱਡੀ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਉਨ੍ਹਾਂ ਨੂੰ ਮੰਤਰੀਆਂ ਵਾਂਗ ਪ੍ਰਤੀ ਕਿਲੋਮੀਟਰ ਦੇ 15 ਰੁਪਏ ਅਤੇ ਡਰਾਈਵਰ ਤੇ ਗੱਡੀ ਦੀ ਮੁਰੰਮਤ ਦੇ ਖਰਚੇ ਦੇ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਮਿਲਣਗੇ। 

ਕਾਨੂੰਨੀ ਤੇ ਵਿਧਾਇਕ ਮਾਮਲੇ ਵਿਭਾਗ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜੇਕਰ ਵਿਰੋਧੀ ਧਿਰ ਦਾ ਨੇਤਾ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨਾ ਚਾਹੇਗਾ ਤਾਂ ਉਸ ਨੂੰ ਮੰਤਰੀਆਂ ਵਾਂਗ ਪ੍ਰਾਈਵੇਟ ਗੱਡੀ ਲਈ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰਾਸ਼ੀ ਅਤੇ ਬਾਕੀ ਸਹੂਲਤ ਮਿਲੇਗੀ।  ਹਰਪਾਲ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਨੇ ਜਿਹੜੀ ਕੈਮਰੀ ਦੇਣੀ ਸੀ, ਉਸ ਦੀ ਹਾਲਤ ਕਾਫੀ ਖਸਤਾ ਹੈ, ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਮਿਲੀ ਇਨੋਵਾ ਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਬੰਦ ਪਿਆ ਮਕਾਨ ਅਲਾਟ ਕੀਤਾ ਗਿਆ ਹੈ, ਜਿਸ ਨੂੰ ਰੰਗ-ਰੋਗਨ ਹੀ ਹੁਣ ਕੀਤਾ ਗਿਆ ਹੈ ਪਰ ਉਨ੍ਹਾਂ ਕਦੇ ਕੋਈ ਨਖਰਾ ਨਹੀਂ ਦਿਖਾਇਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵਜ਼ੀਰਾਂ ਨੂੰ ਕੈਮਰੀ ਗੱਡੀਆਂ ਦਿੱਤੀਆਂ ਸਨ, ਜਿਨ੍ਹਾਂ ਨੂੰ ਵਰਤਣ ਦੀ ਥਾਂ ਹੁਣ 9 ਵਜ਼ੀਰ ਆਪੋ-ਆਪਣੇ ਪ੍ਰਾਈਵੇਟ ਵਾਹਨ ਵਰਤ ਰਹੇ ਹਨ। ਸਹੁੰ ਚੁੱਕਣ ਸਮੇਂ ਸਾਰੇ ਵਜ਼ੀਰਾਂ ਨੇ ਕੈਮਰੀ ਲੈ ਲਈਆਂ ਸਨ ਪਰ ਉਸ ਤੋਂ ਬਾਅਦ ਹੌਲੀ-ਹੌਲੀ ਇਕ-ਇਕ ਕਰਕੇ ਸਾਰੇ ਵਜ਼ੀਰ ਕੈਮਰੀ ਵਾਪਸ ਕਰਨ ਲੱਗ ਪਏ ਹਨ।


Related News