ਹਰਪਾਲ ਚੀਮਾ ਨੇ 5 ਮੰਤਰੀਆਂ ''ਤੇ ਲਾਏ ਖਜ਼ਾਨਾ ਲੁੱਟਣ ਦੇ ਦੋਸ਼, ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ ਇਹ ਗੱਲਾਂ
Wednesday, Sep 22, 2021 - 03:28 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਗਏ। ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਦੇ 5 ਸਾਬਕਾ ਮੰਤਰੀਆਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਮੰਤਰੀਆਂ 'ਚ ਸਾਧੂ ਸਿੰਘ ਧਰਮਸੋਤ, ਗੁਰਮੀਤ ਸੋਢੀ, ਬਲਬੀਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬਿਆ ਆਸਟ੍ਰੇਲੀਆ ਦਾ 'ਮੈਲਬਰਨ' ਸ਼ਹਿਰ, ਕਈ ਇਮਾਰਤਾਂ ਨੂੰ ਭਾਰੀ ਨੁਕਸਾਨ
ਹਰਪਾਲ ਚੀਮਾ ਨੇ ਕਿਹਾ ਕਿ ਇਨ੍ਹਾਂ ਮੰਤਰੀਆਂ ਨੇ ਸਮੇਂ-ਸਮੇਂ 'ਤੇ ਪਿਛਲੇ ਸਾਢੇ 4 ਸਾਲਾਂ ਦੌਰਾਨ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਰਪਾਲ ਚੀਮਾ ਵੱਲੋਂ ਸਾਬਕਾ ਸਿਹਤ ਮੰਤਰੀ ਬਲਵੀਰ ਸਿੱਧੂ 'ਤੇ 8 ਕਰੋੜ ਨਸ਼ੇ ਦੀਆਂ ਗੋਲ਼ੀਆਂ ਵੇਚਣ ਦਾ ਦੋਸ਼ ਲਾਇਆ ਗਿਆ।
ਉਨ੍ਹਾਂ ਕਿਹਾ ਕਿ ਗੋਲ਼ੀਆਂ ਅਸਲੀ ਵਿਅਕਤੀਆਂ ਕੋਲ ਜਾਣ ਦੀ ਬਜਾਏ ਬਾਹਰੀ ਲੋਕਾਂ ਨੂੰ ਵੇਚੀਆਂ ਗਈਆਂ। ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਦੀ ਵਜ਼ਾਰਤ ਭ੍ਰਿਸ਼ਟਾਚਾਰੀਆ ਦੀ ਵਜ਼ਾਰਤ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਇਨ੍ਹਾਂ ਪੰਜ ਮੰਤਰੀਆਂ ਨੂੰ ਦੁਬਾਰਾ ਕੈਬਨਿਟ 'ਚ ਲੈਣਗੇ ਤਾਂ ਸਮਝਿਆ ਜਾਵੇਗਾ ਕਿ ਭ੍ਰਿਸ਼ਟਾਚਾਰ ਜਾਰੀ ਹੈ।
ਇਹ ਵੀ ਪੜ੍ਹੋ : ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਜਗਦੇਵ ਸਿੰਘ ਬੋਪਾਰਾਏ, ਸੁਖਬੀਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਇਹ ਪਰਖ ਦੀ ਘੜੀ ਹੈ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੂੰ ਲੰਮੇ ਹੱਥੀਂ ਲੈਂਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਗਰੀਬ ਬੱਚਿਆਂ ਦੇ ਵਜ਼ੀਫ਼ਿਆ ਦਾ ਘਪਲਾ ਕੀਤਾ ਹੈ, ਜਿਸ ਦਾ ਹਿਸਾਬ ਉਨ੍ਹਾਂ ਨੂੰ ਦੇਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ