ਹਰਮਿੰਦਰ ਮਿੰਟੂ ਦੀ ਲਾਸ਼ ਪਰਿਵਾਰ ਨੂੰ ਸੌਂਪੀ, ''ਖਾਲਿਸਤਾਨ ਜ਼ਿੰਦਾਬਾਦ'' ਦੇ ਲੱਗੇ ਨਾਅਰੇ

04/20/2018 7:57:45 AM

ਪਟਿਆਲਾ (ਬਲਜਿੰਦਰ) - ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੀ ਲਾਸ਼ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਪੋਸਟਮਾਰਟਮ ਕਰਨ ਤੋਂ ਬਾਅਦ ਦੁਪਹਿਰ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਲਾਸ਼ ਲੈਣ ਲਈ ਮਿੰਟੂ ਦੀ ਮਾਤਾ ਗੁਰਦੇਵ ਕੌਰ ਅਤੇ ਦੋਵੇਂ ਭਰਾ ਸਤਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਆ ਤੋਂ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਸ਼ੁਰੂ ਹੋਇਆ। ਸ਼ੁੱਕਰਵਾਰ ਨੂੰ ਮਿੰਟੂ ਦਾ ਉਨ੍ਹਾਂ ਦੇ ਜਲੰਧਰ ਜ਼ਿਲੇ ਦੇ ਕਸਬੇ ਭੋਗਪੁਰ ਨੇੜੇ ਜੱਦੀ ਪਿੰਡ ਡੱਲੀ  ਵਿਖੇ ਧਾਰਮਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਡੱਲੀ ਦੇ ਵੀ ਕੁਝ ਵਿਅਕਤੀ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੇ ਹੋਏ ਸਨ। ਮਿੰਟੂ ਦੀ ਲਾਸ਼ ਨੂੰ ਲਿਜਾਣ ਵਾਲੀ ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਉਸ ਨੂੰ ਸ਼ਹੀਦ ਕਰਾਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਬਗੀਚਾ ਸਿੰਘ ਵੜੈਚ, ਬਾਬਾ ਬਖਸ਼ੀਸ਼ ਸਿੰਘ, ਬੀਬੀ ਸੋਹਨਜੀਤ ਕੌਰ ਅਤੇ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ ਗਰੁੱਪ ਸਮੇਤ ਵੱਢੀ ਗਿਣਤੀ ਵਿਚ ਸਿੱਖ ਸੰਗਠਨਾਂ ਦੇ ਆਗੂ ਪਹੁੰਚੇ ਹੋਏ ਸਨ। ਇਨ੍ਹਾਂ ਵੱਲੋਂ ਪਹਿਲਾਂ ਮੋਰਚਰੀ ਦੇ ਬਾਹਰ ਹੀ ਧਰਨਾ ਲਾਇਆ ਹੋਇਆ ਸੀ। ਜਿਉਂ ਹੀ ਲਾਸ਼ ਨੂੰ ਐਂਬੂਲੈਂਸ ਰਾਹੀਂ ਰਵਾਨਾ ਕੀਤਾ ਜਾਣ ਲੱਗਾ ਤਾਂ ਇਕਦਮ ਮਾਹੌਲ ਗਰਮ ਹੋ ਗਿਆ। ਸਿੱਖ ਸੰਗਠਨਾਂ ਨੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲਸ ਅਤੇ ਸਿੱਖ ਆਗੂਆਂ ਵਿਚ ਖਿੱਚ-ਧੂਹ ਵੀ ਹੋਈ। ਸਿੱਖ ਸੰਗਠਨਾਂ ਦਾ ਦੋਸ਼ ਸੀ ਕਿ ਜੇਲਾਂ ਵਿਚ ਬੰਦੀ ਸਿੰਘਾਂ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਅਤੇ ਮਿੰਟੂ ਦੀ ਮੌਤ ਵੀ ਇਸੇ ਕਾਰਨ ਹੀ ਹੋਈ ਹੈ। ਇਸ ਦੌਰਾਨ ਜੇਲ ਪ੍ਰਸ਼ਾਸਨ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ।

PunjabKesari
ਮੌਤ ਦੀ ਨਿਆਇਕ ਜਾਂਚ ਹੋਵੇ : ਐਡਵੋਕੇਟ ਸੋਢੀ
ਹਰਮਿੰਦਰ ਸਿੰਘ ਮਿੰਟੂ ਦੀ ਮੌਤ ਦੇ ਮਾਮਲੇ ਵਿਚ ਉਨ੍ਹਾਂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਨਿਆਇਕ ਜਾਂਚ ਦੀ ਮੰਗ ਕੀਤੀ ਤਾਂ ਕਿ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਮਿੰਟੂ ਦੀ ਤਰ੍ਹਾਂ ਬਾਕੀ ਸਿੰਘਾਂ ਦੇ ਇਲਾਜ ਵਿਚ ਵੀ ਕੁਤਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਤਾਰਾ ਨੂੰ ਰੀੜ੍ਹ ਦੀ ਹੱਡੀ ਵਿਚ ਤਕਲੀਫ ਸੀ। ਉਸ ਦਾ ਇਲਾਜ ਵੀ ਮਾਣਯੋਗ ਅਦਾਲਤ ਦੇ ਦਖਲ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਅਦਾਲਤਾਂ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ।


Related News