ਹਰਜੀਤ ਸਿੰਘ ਗਰੇਵਾਲ ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ, ਭਾਜਪਾ ਆਗੂਆਂ ਨੇ ਕੀਤਾ ਸਵਾਗਤ

Friday, Jul 17, 2026 - 10:34 PM (IST)

ਹਰਜੀਤ ਸਿੰਘ ਗਰੇਵਾਲ ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ, ਭਾਜਪਾ ਆਗੂਆਂ ਨੇ ਕੀਤਾ ਸਵਾਗਤ

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਜਪਾ ਦੇ ਸੀਨੀਅਰ ਅਤੇ ਟਕਸਾਲੀ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਨਿਯੁਕਤੀ ਨੂੰ ਪਾਰਟੀ ਲਈ ਇੱਕ ਮਹੱਤਵਪੂਰਨ ਫ਼ੈਸਲਾ ਕਰਾਰ ਦਿੰਦਿਆਂ ਭਾਜਪਾ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਧੰਨਵਾਦ ਪ੍ਰਗਟਾਇਆ। 

ਇਸ ਮੌਕੇ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਅਮਰਜੀਤ ਸਿੰਘ ਕਟੌਦੀਆ, ਬਲਵਿੰਦਰ ਸਿੰਘ ਹਾਕਮਵਾਲਾ, ਅਮਨਦੀਪ ਸਿੰਘ ਗੁਰੂ ਅਤੇ ਪਰਮਜੀਤ ਸਿੰਘ ਫੱਤਾ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਲੰਬੇ ਸਮੇਂ ਤੋਂ ਪਾਰਟੀ ਅਤੇ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਨਵੀਂ ਦਿਸ਼ਾ ਮਿਲੇਗੀ। ਆਗੂਆਂ ਨੇ ਕਿਹਾ ਕਿ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਗਰੇਵਾਲ ਨੂੰ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਉਮੀਦਾਂ ਦੀ ਡੂੰਘੀ ਸਮਝ ਹੈ। ਉਨ੍ਹਾਂ ਦੇ ਤਜਰਬੇ ਅਤੇ ਕਾਰਜਸ਼ੈਲੀ ਦਾ ਲਾਭ ਦੇਸ਼ ਭਰ ਦੇ ਘੱਟ ਗਿਣਤੀ ਵਰਗ ਨੂੰ ਮਿਲੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਨਿਯੁਕਤੀ ਨਾਲ ਭਾਜਪਾ ਦੇ ਪੁਰਾਣੇ ਅਤੇ ਸਮਰਪਿਤ ਵਰਕਰਾਂ ਦਾ ਸਨਮਾਨ ਵਧਿਆ ਹੈ। ਇਹ ਫ਼ੈਸਲਾ ਪਾਰਟੀ ਦੇ ਨਿਸ਼ਠਾਵਾਨ ਕਾਰਕੁਨਾਂ ਲਈ ਪ੍ਰੇਰਣਾਦਾਇਕ ਸਾਬਤ ਹੋਵੇਗਾ ਅਤੇ ਪਾਰਟੀ ਵਿੱਚ ਲਗਨ ਨਾਲ ਕੰਮ ਕਰਨ ਵਾਲਿਆਂ ਦਾ ਮਨੋਬਲ ਹੋਰ ਮਜ਼ਬੂਤ ਕਰੇਗਾ। ਭਾਜਪਾ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਰਜੀਤ ਸਿੰਘ ਗਰੇਵਾਲ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News