ਪ੍ਰਮੋਸ਼ਨਾਂ 'ਤੇ ਲੱਗੀ ਰੋਕ ਖ਼ਤਮ! ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ
Tuesday, Jul 07, 2026 - 12:34 PM (IST)
ਬਠਿੰਡਾ (ਮਨਜੀਤ) : ਪੰਜਾਬ ਦੇ ਸਿੱਖਿਆ ਵਿਭਾਗ 'ਚ ਲੰਬੇ ਸਮੇਂ ਤੋਂ ਰੁਕੀਆਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵੱਲੋਂ ਤਰੱਕੀਆਂ ’ਤੇ ਲੱਗਿਆ ਸਟੇਅ ਹਟਾਏ ਜਾਣ ਨਾਲ ਹੁਣ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦਾ ਰਾਹ ਸਾਫ਼ ਹੋ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਨੇ ਇਸ ਨੂੰ ਜੱਥੇਬੰਦੀ ਦੇ ਲਗਾਤਾਰ ਸੰਘਰਸ਼ ਅਤੇ ਕਾਨੂੰਨੀ ਲੜਾਈ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਡੀ. ਟੀ. ਐੱਫ. ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਜੱਥੇਬੰਦੀ ਕਾਫ਼ੀ ਸਮੇਂ ਤੋਂ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਹੋਰ ਸਿੱਖਿਆ ਅਧਿਕਾਰੀਆਂ ਦੀਆਂ ਤਰੱਕੀਆਂ ਲਈ ਲਗਾਤਾਰ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਜੱਥੇਬੰਦੀ ਦੇ ਯਤਨਾਂ ਨਾਲ ਪ੍ਰੋਮੋਸ਼ਨ ਕੋਟਾ 75 ਫ਼ੀਸਦੀ ਕਰਵਾਇਆ ਗਿਆ ਸੀ, ਜਿਸ ਨਾਲ ਵੱਖ-ਵੱਖ ਕੇਡਰਾਂ ਦੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੁੱਲ੍ਹਿਆ ਸੀ ਪਰ ਕੁੱਝ ਲੋਕਾਂ ਵਲੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਤਰੱਕੀਆਂ ’ਤੇ ਸਟੇਅ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA 'ਤੇ ਅੱਜ ਆਵੇਗਾ ਵੱਡਾ ਫ਼ੈਸਲਾ! ਹਾਈਕੋਰਟ ਦੀ ਸੁਣਵਾਈ 'ਤੇ...
ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵਲੋਂ ਇਕ ਪਾਸੇ ਸੰਘਰਸ਼ ਜਾਰੀ ਰੱਖਿਆ ਗਿਆ ਅਤੇ ਦੂਜੇ ਪਾਸੇ ਹਰਵਿੰਦਰ ਸਿੰਘ (ਫਤਹਿਗੜ੍ਹ ਸਾਹਿਬ) ਅਤੇ ਕੁਲਵਿੰਦਰ ਸਿੰਘ (ਬਠਿੰਡਾ) ਦੀ ਅਗਵਾਈ ਵਿਚ ਕਾਨੂੰਨੀ ਲੜਾਈ ਲੜੀ ਗਈ, ਜਿਸ ਦੇ ਨਤੀਜੇ ਵਜੋਂ ਹੁਣ ਹਾਈਕੋਰਟ ਨੇ ਤਰੱਕੀਆਂ ਦਾ ਰਾਹ ਮੁੜ ਖੋਲ੍ਹ ਦਿੱਤਾ ਹੈ। ਡੀ. ਟੀ. ਐੱਫ. ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਸੈਕੰਡਰੀ ਸਕੂਲਾਂ 'ਚ ਕਰੀਬ 65 ਤੋਂ 70 ਫ਼ੀਸਦੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ, ਜਿਸ ਕਾਰਨ ਸਕੂਲਾਂ ਦਾ ਪ੍ਰਬੰਧਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਬਿਨਾਂ ਕਿਸੇ ਦੇਰੀ ਦੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਜਾਰੀ ਕੀਤੀਆਂ ਜਾਣ, ਤਾਂ ਜੋ ਸਕੂਲਾਂ ਨੂੰ ਸਥਾਈ ਪ੍ਰਿੰਸੀਪਲ ਮਿਲ ਸਕਣ। ਜੱਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੇ ਨਾਲ-ਨਾਲ ਮਾਸਟਰ ਤੋਂ ਲੈਕਚਰਾਰ, ਲੈਕਚਰਾਰ ਤੋਂ ਹੈੱਡਮਾਸਟਰ, ਸੀ. ਐੱਚ. ਟੀ. ਤੋਂ ਬੀ. ਪੀ. ਈ. ਓ. ਅਤੇ ਪ੍ਰਾਇਮਰੀ ਤੇ ਸੀ. ਐਂਡ. ਵੀ. ਅਧਿਆਪਕਾਂ ਤੋਂ ਮਾਸਟਰ ਕਾਡਰ ਤੱਕ ਦੀਆਂ ਪੈਂਡਿੰਗ ਤਰੱਕੀਆਂ ਵੀ ਤੁਰੰਤ ਕੀਤੀਆਂ ਜਾਣ।
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀਆਂ ਸਰਕਾਰੀ ਛੁੱਟੀਆਂ ਰੱਦ! ਰੱਖੜੀ ਤੋਂ ਪਹਿਲਾਂ ਡਾਕ ਵਿਭਾਗ ਦਾ ਵੱਡਾ ਫ਼ੈਸਲਾ
ਇਸ ਤੋਂ ਇਲਾਵਾ ਸਿੱਧੀ ਭਰਤੀ ਕੋਟੇ ਅਧੀਨ ਖ਼ਾਲੀ ਅਸਾਮੀਆਂ ਦਾ ਜਲਦ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਡੀ. ਟੀ. ਐੱਫ. ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ, ਭੋਲਾ ਰਾਮ, ਰਣਦੀਪ ਕੌਰ ਖਾਲਸਾ, ਰਾਜਵਿੰਦਰ ਸਿੰਘ ਜਲਾਲ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਵਿਰਕ, ਹਰਜੀਤ ਸਿੰਘ ਜੀਦਾ, ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ, ਰਾਮ ਸਿੰਘ ਬਰਾੜ ਅਤੇ ਬਲਜਿੰਦਰ ਕੌਰ ਸਮੇਤ ਹੋਰ ਆਗੂਆਂ ਨੇ ਵੀ ਸਰਕਾਰ ਨੂੰ ਸਿੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਤੁਰੰਤ ਤਰੱਕੀਆਂ ਅਤੇ ਭਰਤੀਆਂ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
