ਏਸ਼ੀਅਨ ਸਾਇੰਸ ਕੈਂਪ ''ਚ ਭਾਰਤ ਦੀ ਨੁਮਾਇੰਦਗੀ ਕਰੇਗੀ ਬੁਢਲਾਢਾ ਦੀ ਦਿਵਿਆ
Tuesday, Jul 14, 2026 - 05:48 PM (IST)
ਬੁਢਲਾਡਾ (ਬਾਂਸਲ) : ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਬਲਬੂਤੇ ਹੋਣਹਾਰ ਵਿਦਿਆਰਥਣ ਦਿਵਿਆ ਨੇ ਇਕ ਹੋਰ ਉਪਲੱਬਧੀ ਹਾਂਸਲ ਕਰਦਿਆਂ ਬੁਢਲਾਡਾ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਵੱਲੋਂ ਹਾਂਗਕਾਂਗ ਵਿਖੇ 2 ਤੋਂ 8 ਅਗਸਤ ਤੱਕ ਕਰਵਾਏ ਜਾ ਰਹੇ 16ਵੇਂ ਏਸ਼ੀਅਨ ਸਾਇੰਸ ਕੈਂਪ-2026 ਲਈ ਦੇਸ਼ ਭਰ ਵਿਚੋਂ ਚੁਣੇ ਗਏ 20 ਵਿਦਿਆਰਥੀਆਂ ਵਿਚ ਦਿਵਿਆ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਅਧਿਕਾਰਕ ਪੱਤਰ ਜਾਰੀ ਕਰਕੇ ਉਸ ਨੂੰ ਅਸਥਾਈ ਤੌਰ 'ਤੇ ਨਾਮਜ਼ਦ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ ਹੈ।
ਏਸ਼ੀਅਨ ਸਾਇੰਸ ਕੈਂਪ ਵਿਚ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਤੋਂ ਚੁਣੇ ਹੋਏ ਵਿਦਿਆਰਥੀ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਅਤੇ ਨੋਬਲ ਪੁਰਸਕਾਰ ਜੇਤੂਆਂ ਨਾਲ ਰੂ-ਬ-ਰੂ ਹੋਣਗੇ ਅਤੇ ਵਿਗਿਆਨ ਦੇ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਕੈਂਪ ਵਿਚ ਭਾਗ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਯਾਤਰਾ, ਵੀਜ਼ਾ ਅਤੇ ਮੈਡੀਕਲ ਬੀਮੇ ਦਾ ਖ਼ਰਚਾ ਡੀਐੱਸਟੀ ਵੱਲੋਂ, ਜਦਕਿ ਹਾਂਗਕਾਂਗ ਵਿੱਚ ਰਹਿਣ-ਸਹਿਣ ਦਾ ਪ੍ਰਬੰਧ ਕੈਂਪ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ।
ਦਿਵਿਆ ਦੀ ਇਸ ਉਪਲਬਧੀ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਚ ਖੁਸ਼ੀ ਦੀ ਲਹਿਰ ਦੌੜ ਗਈ। ਘਰ ਵਿਚ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸ਼ਹਿਰ ਵਾਸੀਆਂ ਦਾ ਵਧਾਈਆਂ ਦੇਣ ਲਈ ਤਾਂਤਾ ਲੱਗਾ ਰਿਹਾ, ਜਦਕਿ ਵੱਖ-ਵੱਖ ਸਮਾਜਿਕ, ਵਿਦਿਅਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਦਿਵਿਆ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਦਿਵਿਆ ਦੇ ਪਿਤਾ ਸੁਸ਼ੀਲ ਕੁਮਾਰ ਅਤੇ ਸੁਰਿੰਦਰ ਤਾਇਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਿਵਿਆ ਦੀ ਇਸ ਉਪਲੱਬਧੀ ਨੇ ਪੂਰੇ ਪਰਿਵਾਰ ਦੇ ਨਾਲ-ਨਾਲ ਬੁਢਲਾਡਾ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਦਿਵਿਆ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਏਸ਼ੀਅਨ ਸਾਇੰਸ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੁਢਲਾਡਾ, ਪੰਜਾਬ ਅਤੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਰੌਸ਼ਨ ਕਰੇਗੀ।
