ਕਿਸਾਨ 10 ਸਾਲ ਪੁਰਾਣੇ ਟਰੈਕਟਰ ਸੰਸਦ ''ਚ ਲਿਜਾ ਕੇ ਸਰਕਾਰ ਨੂੰ ਸੌਂਪਣਗੇ : ਲੱਖੋਵਾਲ

Monday, Oct 01, 2018 - 04:28 PM (IST)

ਕਿਸਾਨ 10 ਸਾਲ ਪੁਰਾਣੇ ਟਰੈਕਟਰ ਸੰਸਦ ''ਚ ਲਿਜਾ ਕੇ ਸਰਕਾਰ ਨੂੰ ਸੌਂਪਣਗੇ : ਲੱਖੋਵਾਲ

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਸ਼ੁਰੂ ਕੀਤੀ ਕਿਸਾਨ ਕ੍ਰਾਂਤੀ ਯਾਤਰਾ 177 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਕੱਲ ਮੁਰਾਦਨਗਰ ਵਿਖੇ ਪਹੁੰਚੀ। ਅੱਜ ਨੌਵੇਂ ਦਿਨ ਦੀ ਯਾਤਰਾ ਮੁਰਾਦਨਗਰ ਕੌਮੀ ਪ੍ਰਧਾਨ ਨਰੇਸ਼ ਟਿਕੈਤ, ਯੁਧਵੀਰ ਸਿੰਘ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਰਤਨ ਮਾਨ, ਗੌਰਵ ਟਿਕੈਤ ਨੇ ਸ਼ੁਰੂ ਕੀਤੀ ਅਤੇ ਕਿਹਾ ਕਿ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਨਾਲ ਦੋ ਹੱਥ ਕਰਨ ਲਈ ਤਿਆਰ ਹਨ।

ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ 2014 'ਚ ਜੋ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ, ਉਹ ਇੰਨ-ਬਿੰਨ ਲਾਗੂ ਕਰਾਉਣ ਲਈ ਜੋ ਵੀ ਕੁਰਬਾਨੀ ਦੇਣੀ ਪਵੇ, ਉਸ ਲਈ ਕਿਸਾਨ ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਕੋਈ ਵੀ ਸਿਆਸੀ ਪਾਰਟੀ ਚੋਣ ਮੈਨੀਫੈਸਟੋ 'ਚ ਝੂਠੇ ਵਾਅਦੇ ਕਰਕੇ ਸਰਕਾਰ ਨਾ ਬਣਾ ਸਕੇ ਅਤੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਕਿ ਦੇਸ਼ ਵਿਚ ਅਜਿਹਾ ਕਾਨੂੰਨ ਬਣਾਇਆ ਜਾਵੇ, ਜੇਕਰ ਕੋਈ ਪਾਰਟੀ ਸਰਕਾਰ ਬਣਾ ਕੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ 2 ਸਾਲ ਅੰਦਰ ਅੰਦਰ ਪੂਰੇ ਨਾ ਕਰੇ ਤਾਂ ਉਸ ਪਾਰਟੀ ਦੀ ਮਾਨਤਾ ਰੱਦ ਕਰਕੇ ਸਰਕਾਰ ਨੂੰ ਭੰਗ ਕੀਤਾ ਜਾਵੇ। 

ਕੇਂਦਰ ਵੱਲੋ ਨਵੀਂ ਟਰਾਂਸਪੋਰਟ ਨੀਤੀ ਤਹਿਤ 10 ਸਾਲ ਪੁਰਾਣੇ ਟਰੈਕਟਰਾਂ, ਇੰਜਣ ਪੰਪਾਂ, ਜਰਨੇਟਰ ਤੇ ਲਗਾਈ ਪਾਬੰਦੀ ਰੱਦ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਹ ਮਸ਼ੀਨਰੀ ਸਾਲ ਵਿਚ ਮਸਾਂ 2 ਮਹੀਨੇ ਹੀ ਚੱਲਦੀ ਹੈ, 2 ਮਹੀਨੇ ਚੱਲਣ ਨਾਲ ਇਸ ਮਸ਼ੀਨਰੀ ਦਾ ਕੁਝ ਨਹੀਂ ਵਿਗੜਦਾ। 10 ਸਾਲ ਤਾਂ ਕਿਸਾਨਾਂ ਵਲੋ ਕਰਜ਼ੇ 'ਤੇ ਲੈ ਕੇ ਲਈ ਮਸ਼ੀਨਰੀ ਦਾ ਕਰਜ਼ਾ ਹੀ ਮਸਾਂ ਉਤਰਦਾ ਹੈ। ਇਸ ਤਰ੍ਹਾਂ ਜੇਕਰ 10 ਸਾਲ ਬਾਅਦ ਫੇਰ ਇਸ ਮਸ਼ੀਨਰੀ ਟਰੈਕਟਰ ਦੁਬਾਰਾ ਨਵੇਂ ਲੈਣੇ ਪੈ ਗਏ ਤਾਂ ਕਿਸਾਨਾਂ ਦੇ ਸਿਰ 'ਤੇ ਕਰਜ਼ੇ ਦਾ ਬੋਝ ਹੋਰ ਵਧ ਜਾਵੇਗਾ।

ਸਰਕਾਰ ਇਹ ਫੈਸਲਾ ਕਾਰਪੋਰੇਟ ਅਦਾਰਿਆਂ ਤੇ ਵੱਡੀਆਂ ਕੰਪਨੀਆਂ ਦੇ ਦਬਾਅ ਅਧੀਨ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਲਈ ਕਰ ਰਹੀ ਹੈ ਤਾਂ ਜੋ ਉਨ੍ਹਾਂ ਕੰਪਨੀਆਂ ਦੇ ਨਵੇਂ ਟਰੈਕਟਰ ਤੇ ਖੇਤੀ ਮਸ਼ੀਨਰੀ ਵਿਕ ਸਕੇ। ਇਸ ਲਈ ਭਾਰਤੀ ਕਿਸਾਨ ਯੂਨੀਅਨ ਸਰਕਾਰ ਦਾ ਇਹ ਮਾਰੂ ਫੈਸਲਾ ਲਾਗੂ ਨਹੀ ਹੋਣ ਦੇਵੇਗੀ ਤੇ ਕਿਸਾਨ ਆਪਣੇ ਪੁਰਾਣੇ ਟ੍ਰੈਕਟਰ ਨਾਲ ਲਿਜਾ ਕੇ ਪਾਰਲੀਮੈਂਟ ਵਿਖੇ ਸਰਕਾਰ ਨੂੰ ਸੌਂਪਣਗੇ ਤੇ ਸਰਕਾਰ ਤੋਂ ਇਨ੍ਹਾਂ ਟਰੈਕਟਰਾਂ ਦੇ ਬਦਲੇ ਚ ਨਵੇਂ ਟਰੈਕਟਰਾਂ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾਂਭਣ ਵਾਸਤੇ ਸਰਕਾਰ ਨੇ ਸਿਰਫ 5 ਫੀਸਦੀ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਦਿੱਤੀ ਹੈ। ਇਹ ਮਸ਼ੀਨਰੀ ਨਾਲ ਸਾਰੀ ਪਰਾਲੀ ਸਾਂਭੀ ਨਹੀ ਜਾ ਸਕੇਗੀ। ਇਸ ਲਈ ਅਗਰ ਸਰਕਾਰ ਸੱਚ-ਮੁੱਚ ਹੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਤੁਰੰਤ 70 ਫੀਸਦੀ ਕਿਸਾਨਾਂ ਨੂੰ 90 ਫੀਸਦੀ ਸਬਸਿਡੀ 'ਤੇ ਮਸ਼ੀਨਰੀ ਦੇਵੇ ਤੇ ਵਾਧੂ ਖਰਚੇ ਵਜੋਂ 5000 ਪ੍ਰਤੀ ਏਕੜ ਜਾਂ 200 ਰੁਪਏ ਕੁਇੰਟਲ ਬੋਨਸ ਦੇਵੇ।


Related News