ਹਰਭਜਨ ਸਿੰਘ ਨੇ ਸਮਾਜ ਦੇ ਗੁੰਮਨਾਮ ਨਾਇਕਾਂ ਨੂੰ ਸਾਹਮਣੇ ਲਿਆਉਣ ਲਈ ਸ਼ੁਰੂ ਕੀਤਾ ਇਹ ਉਪਰਾਲਾ

Saturday, Aug 31, 2019 - 02:02 PM (IST)

ਹਰਭਜਨ ਸਿੰਘ ਨੇ ਸਮਾਜ ਦੇ ਗੁੰਮਨਾਮ ਨਾਇਕਾਂ ਨੂੰ ਸਾਹਮਣੇ ਲਿਆਉਣ ਲਈ ਸ਼ੁਰੂ ਕੀਤਾ ਇਹ ਉਪਰਾਲਾ

ਜਲੰਧਰ— ਕ੍ਰਿਕਟਰ ਹਰਭਜਨ ਸਿੰਘ ਨੇ ਸਮਾਜ ਦੇ ਗੁੰਮਨਾਮ ਨਾਇਕਾਂ ਨੂੰ ਸਾਹਮਣੇ ਲਿਆਉਣ ਲਈ ਸੋਸ਼ਲ ਮੂਵਮੈਂਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਹਰਭਜਨ ਸਿੰਘ ਨੇ ਸਮਾਜ ਦੇ ਨਾਇਕਾਂ ਦੀਆਂ ਕਹਾਣੀਆਂ ਲੋਕਾਂ ਤਕ ਪਹੁੰਚਾਉਣ ਲਈ ਇਕ ਟੀਮ ਤਿਆਰ ਕੀਤੀ ਹੈ। ਇਹ ਟੀਮ ਇਨ੍ਹਾਂ ਲੋਕਾਂ ਤਕ ਪਹੁੰਚੇਗੀ। ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਤ ਵੀਡੀਓਜ਼ ਬਣਾ ਕੇ ਯੂ ਟਿਊਬ ’ਤੇ ਅਪਲੋਡ ਕੀਤੇ ਜਾਣਗੇ। ਭੱਜੀ ਖੁਦ ਵੀ ਇਨ੍ਹਾਂ ਨਾਇਕਾਂ ਨੂੰ ਮਿਲ ਰਹੇ ਹਨ। 

ਭੱਜੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਜਲੰਧਰ ਤੋਂ ਹੀ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਵੱਛਤਾ ਫੌਜੀ (ਸਫਾਈ ਸੇਵਕਾਂ) ਦੀ ਜ਼ਿੰਦਗੀ ’ਤੇ ਕੰਮ ਸ਼ੁਰੂ ਕੀਤਾ ਹੈ। ਇਸ ਦੇ ਲਈ ਉਹ ਕਈ ਸਫਾਈ ਸੇਵਕਾਂ ਨੂੰ ਮਿਲੇ ਅਤੇ ਕੂੜੇ ਦੇ ਡੰਪ ’ਤੇ ਵੀ ਗਏ। ਭੱਜੀ ਨੇ ਕਿਹਾ ਲੋਕ ਅਕਸਰ ਸਫਾਈ ਸੇਵਕਾਂ ਅਤੇ ਕੂੜਾ ਚੁੱਕਣ ਵਾਲਿਆਂ ਦੀ ਸ਼ਿਕਾਇਤ ਕਰਦੇ ਹਨ। ਕਿਸੇ ਨੇ ਇਨ੍ਹਾਂ ਦਾ ਧੰਨਵਾਦ ਨਹੀਂ ਕੀਤਾ। ਸਵੱਛ ਸਮਾਜ ਦੇਣ ਲਈ ਸਾਨੂੰ ਇਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੈਂ ਇਹੋ ਕਰਨ ਆਇਆ ਹਾਂ। ਭੱਜੀ ਨੇ ਸਵੱਛਤਾ ਫੌਜੀਆਂ ਦੀ ਜ਼ਿੰਦਗੀ ’ਚ ਰੋਜ਼ਾਨਾ ਆਉਣ ਵਾਲੀਆਂ ਮੁਸ਼ਕਲਾਂ ਨੂੰ ਨਜ਼ਦੀਕ ਨਾਲ ਦੇਖਿਆ ਹੈ। ਇਸ ਦੌਰਾਨ ਇਨ੍ਹਾਂ ਹੀਰੋਜ਼ ਦੇ ਰੁਟੀਨ ਨੂੰ ਸ਼ੂਟ ਕਰਨ ਲਈ ਭੱਜੀ ਦੇ ਨਾਲ ਕੈਮਰਾਮੈਨਜ਼ ਦੀ ਇਕ ਟੀਮ ਵੀ ਰਹੀ। ਭੱਜੀ ਨੇ ਕਿਹਾ ਕਿ ਫਿਲਮੀ ਹਸਤੀਆਂ, ਖਿਡਾਰੀਆਂ, ਦੇਸ਼ ਦੀ ਸੁਰੱਖਿਆ ’ਚ ਡਟੇ ਫੌਜੀਆਂ ਅਤੇ ਵੱਡੇ ਕਾਰੋਬਾਰੀਆਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਤਾਂ ਕਵਰ  ਕੀਤਾ ਜਾ ਰਿਹਾ ਹੈ ਪਰ ਇਸ ਮੁਹਿੰਮ ਦਾ ਉਦੇਸ਼ ਸਮਾਜ ਦੇ ਅਜਿਹੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਹੈ ਜੋ ਸਮਾਜ ਦਾ ਸਭ ਤੋਂ ਜ਼ਰੂਰੀ ਕੰਮ ਕਰ ਰਹੇ ਹਨ। ਸ਼ੁੱਕਰਵਾਰ ਨੂੰ ਹਰਭਜਨ ਸਿੰਘ ਦੀ ਟੀਮ ਵਰਿਆਣਾ ਡੰਪ ’ਤੇ ਗਈ। ਭੱਜੀ ਇਸ ਟੀਮ ਦੇ ਨਾਲ ਪ੍ਰਤਾਪ ਬਾਗ ਦੇ ਡੰਪ ’ਤੇ ਗਏ ਅਤੇ ਉੱਥੇ ਕੰਮ ਕਰ ਰਹੇ ਸਫਾਈ ਸੇਵਕਾਂ ਅਤੇ ਰੈਗ ਪਿਕਰਸ ਦੇ ਹਾਲਾਤ ਦੇਖੇ। ਨਾਲ ਹੀ ਉਨ੍ਹਾਂ ਨਾਲ ਗੱਲ ਕੀਤੀ।

ਫਿਲਹਾਲ ਸਿਆਸਤ ’ਚ ਆਉਣ ਦਾ ਕੋਈ ਇਰਾਦਾ ਨਹੀਂ : ਹਰਭਜਨ ਸਿੰਘ
ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੂਵਮੈਂਟ ਪੂਰੀ ਤਰ੍ਹਾਂ ਸਮਾਜ ਲਈ ਹੈ। ਇਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੋਕਸਭਾ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਦੀ ਅਫਵਾਹ ’ਤੇ ਭੱਜੀ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਨੇੜੇ ਭਵਿੱਖ ’ਚ ਉਨ੍ਹਾਂ ਦਾ ਸਿਆਸਤ ’ਚ ਆਉਣ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸਮਾਜ ਨਾਲ ਜੁੜਨਾ ਅਤੇ ਸਮਾਜ ਲਈ ਕੰਮ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। 

ਇੰਟਰਵਿਊ ਦੇਣ ਵਾਲੇ ਭੱਜੀ ਨੇ ਲਿਆ ਸਵੱਛਤਾ ਫੌਜੀਆਂ ਦਾ ਇੰਟਰਵਿਊ
ਕੂੜੇ ਡੰਪਾਂ ਦੇ ਹਾਲਾਤ ਦੇਖਣ ਦੇ ਬਾਅਦ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਨੂੰ ਬਾਰੀਕੀ ਨਾਲ ਜਾਣਨ ਲਈ ਹਰਭਜਨ ਸਿੰਘ ਨਗਰ ਨਿਗਮ ਦਫਤਰ ਵੀ ਗਏ। ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਪ੍ਰਧਾਨ ਚੰਦਨ ਗ੍ਰੇਵਾਲ ਸਮੇਤ ਹੋਰ ਹੋਰਨਾਂ ਨੇਤਾਵਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਭੱਜੀ ਇਕ ਨਵੇਂ ਅੰਦਾਜ਼ ’ਚ ਦਿਖੇ। ਅਜੇ ਤਕ ਉਹ ਇੰਟਰਵਿਊ ਦਿੰਦੇ ਆਏ ਹਨ, ਪਰ ਇਸ ਵਾਰ ਉਹ ਸਫਾਈ ਸੇਵਕਾਂ, ਸਫਾਈ ਯੂਨੀਅਨ ਦੇ ਨੇਤਾਵਾਂ ਤੋਂ ਸਵਾਲ ਪੁੱਛਦੇ ਨਜ਼ਰ ਆਏ। ਭੱਜੀ ਨੇ ਕਿਹਾ ਕਿ ਉਨਾਂ ਦਾ ਟੀਚਾ ਸਿਰਫ ਇੰਨਾ ਹੈ ਕਿ ਲੋਕਾਂ ਤਕ ਸਫਾਈ ਸੇਵਕਾਂ ਦੀ ਗੱਲ ਪਹੁੰਚੇ ਅਤੇ ਲੋਕ ਉਨ੍ਹਾਂ ਨੂੰ ਸਨਮਾਨ ਦੇਣ। ਉਨ੍ਹਾਂ ਕਿਹਾ ਕਿ ਉਹ ਹਰ ਖੇਤਰ ਦੇ ਨਾਇਕਾਂ ਨੂੰ ਸਾਹਮਣੇ ਲਿਆਉਣਗੇ।


author

Tarsem Singh

Content Editor

Related News