ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੇ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ

Monday, Dec 27, 2021 - 06:43 PM (IST)

ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੇ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ

ਜਲੰਧਰ (ਰਮਨਦੀਪ ਸੋਢੀ)- ਆਉਣ ਵਾਲੇ ਕੁਝ ਦਿਨਾਂ ’ਚ ਪ੍ਰਧਾਨ ਮੰਤਰੀ ਵੱਡੇ ਤੋਹਫ਼ੇ ਲੈ ਕੇ ਆਉਣਗੇ ਅਤੇ ਸੂਬੇ ਨੂੰ ਛੇਤੀ ਹੀ ਇਕ ਨਵੀਂ ਸਰਕਾਰ ਮਿਲੇਗੀ, ਜਿਸ ’ਚ ਲੋਕਾਂ ਨੂੰ ਮੁਫ਼ਤਖੋਰੀ ਅਤੇ ਆਲਸੀ ਬਣਾਉਣ ਦੀ ਬਜਾਏ ਲੋਕਾਂ ਨੂੰ ਰੋਜ਼ਗਾਰ ਅਤੇ ਨਵੇਂ ਸਾਧਨ ਪੈਦਾ ਕਰਨ ਲਈ ਸਹਿਯੋਗ ਮਿਲੇਗਾ। ਇਹ ਦਾਅਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਕੀਤਾ। ਉਨ੍ਹਾਂ ਜਿੱਥੇ ਕਾਂਗਰਸ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ।

ਜੁੜ ਰਹੇ ਹਨ ਨਵੇਂ ਲੋਕ
ਹੰਸ ਰਾਜ ਹੰਸ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਛੇਤੀ ਹੀ ਸਰਕਾਰ ਬਣਾਏਗੀ ਅਤੇ ਜਿਸ ਤਰ੍ਹਾਂ ਲੋਕਾਂ ’ਚ ਭਾਜਪਾ ਨਾਲ ਜੁੜਨ ਦਾ ਰੁਝਾਨ ਵਧ ਰਿਹਾ ਹੈ, ਉਹ ਕਾਬਿਲੇ-ਗੌਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਗੁਆਂਢੀ ਦੇਸ਼ ਪ੍ਰਧਾਨ ਮੰਤਰੀ ਦੀ ਬਦੌਲਤ ਭਾਰਤ ਵੱਲ ਨਜ਼ਰ ਚੁੱਕ ਕੇ ਵੇਖਣ ਤੋਂ ਵੀ ਕੰਨੀ ਕਤਰਾਉਂਦੇ ਹਨ, ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਲੋਕ ਵੀ ਸੂਬੇ ’ਚ ਵੇਖਣਾ ਚਾਹੁੰਦੇ ਹਨ। ਪੀ. ਐੱਮ. ਮੋਦੀ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਹੈ। ਪੰਜਾਬ ਦੇ ਕਈ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਆਗੂ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਹਨ ਅਤੇ ਛੇਤੀ ਹੀ ਉਹ ਲੋਕ ਪਾਰਟੀ ਦਾ ਪੱਲਾ ਫੜਨਗੇ।

ਮੋਦੀ ਦੀ ਪੰਜਾਬ ਫੇਰੀ
ਕਾਫ਼ੀ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ’ਤੇ ਹੰਸ ਰਾਜ ਹੰਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਛੇਤੀ ਹੀ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਪੰਜਾਬ ਲਈ ਕਈ ਤਰ੍ਹਾਂ ਦੇ ਪੈਕੇਜਾਂ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।

ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

PunjabKesari

ਕਾਂਗਰਸ ’ਤੇ ਸਵਾਲ
ਹੰਸ ਰਾਜ ਹੰਸ ਨੇ ਚਰਨਜੀਤ ਸਿੰਘ ਚੰਨੀ ਨੂੰ ਐੱਸ. ਸੀ. ਸਮਾਜ ਤੋਂ ਹੁੰਦੇ ਹੋਏ ਇਕ ਸੂਬੇ ਦਾ ਮੁਖੀ ਬਣਨ ’ਤੇ ਵਧਾਈ ਦਿੱਤੀ ਪਰ ਨਾਲ ਹੀ ਇਹ ਵੀ ਕਿਹਾ ਕਿ 2-3 ਮਹੀਨਿਆਂ ’ਚ ਕੁਝ ਨਹੀਂ ਹੋ ਸਕਦਾ। ਹੁਣ ਤੱਕ ਸਿਰਫ਼ ਐਲਾਨ ਹੀ ਹੋ ਰਹੇ ਹਨ ਅਤੇ ਇੰਨੇ ਘੱਟ ਸਮੇਂ ’ਚ ਐਲਾਨ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਐੱਸ. ਸੀ. ਭਾਈਚਾਰੇ ਦੇ ਵਿਅਕਤੀ ਨੂੰ ਅਹਿਮ ਅਹੁਦਾ ਦੇਣਾ ਚੰਗਾ ਕਦਮ ਹੈ। ਵੈਸੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਸਿਰਫ਼ ਕਾਂਗਰਸ ਦਾ ਚੋਣ ਸਟੰਟ ਹੈ। ਜੇਕਰ ਇਹ ਸਹੀ ’ਚ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਵੇਗਾ।

ਪੰਜਾਬ ਦੀ ਹਾਲਤ ’ਤੇ ਪਰੇਸ਼ਾਨ ਹੰਸ
ਪੰਜਾਬ ’ਚ ਜੇਕਰ ਕੋਈ ਟੈਂਕੀ ’ਤੇ ਚੜ੍ਹ ਕੇ ਆਪਣੀਆਂ ਮੰਗਾਂ ਮੰਨਵਾ ਰਿਹਾ ਹੈ ਤਾਂ ਕੋਈ ਪਰੇਸ਼ਾਨ ਹੋ ਕੇ ਵਿਦੇਸ਼ ਦਾ ਰਾਹ ਲੱਭ ਰਿਹਾ ਹੈ। ਇਹ ਉਹ ਪੰਜਾਬ ਨਹੀਂ ਹੈ, ਜੋ ਕਦੇ ਹੋਇਆ ਕਰਦਾ ਸੀ। ਹੰਸ ਰਾਜ ਹੰਸ ਦੀ ਇਸ ਗੱਲ ਨਾਲ ਉਨ੍ਹਾਂ ਦੇ ਅੰਦਰ ਦਾ ਦਰਦ ਸਾਫ਼ ਵੇਖਿਆ ਜਾ ਸਕਦਾ ਹੈ। ਬਿਨਾਂ ਕਿਸੇ ਸਿਆਸੀ ਪਾਰਟੀ ਦਾ ਨਾਂ ਲਏ ਉਨ੍ਹਾਂ ਕਿਹਾ ਕਿ ਪੰਜਾਬ ’ਚ ਜਿਸ ਤਰ੍ਹਾਂ ਨਾਲ ਦਿੱਲੀ ਤੋਂ ਆ ਕੇ ਲੋਕ ਝੂਠ ਬੋਲ ਕੇ ਮੁਫ਼ਤ ਦੀ ਆਦਤ ਪਾ ਰਹੇ ਹਨ, ਇਹ ਫਿਤਰਤ ਪੰਜਾਬ ਦੇ ਲੋਕਾਂ ਦੀ ਨਹੀਂ ਹੈ। ਪੰਜਾਬ ਦੇ ਲੋਕ ਮਿਹਨਤੀ ਅਤੇ ਕੰਮ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ, ਉਨ੍ਹਾਂ ਨੂੰ ਆਲਸੀ ਬਣਾ ਕੇ ਗਲਤ ਆਦਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਬਜਾਏ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਿਲ ਬਣਾਉਣ ਲਈ ਯੋਜਨਾਵਾਂ ਬਣਨ, ਵਨ ਨੇਸ਼ਨ-ਵਨ ਐਜੂਕੇਸ਼ਨ, ਨਵੇਂ ਉਦਯੋਗ, ਨਵੀਆਂ ਨੌਕਰੀਆਂ ਪੈਦਾ ਕਰਨ ਦੀ ਗੱਲ ਹੋਵੇ ਤਾਂ ਸ਼ਾਇਦ ਪੰਜਾਬ ਮੁੜ ਪਹਿਲਾਂ ਵਰਗਾ ਹੋ ਜਾਵੇ।

ਇਹ ਵੀ ਪੜ੍ਹੋ: ਬਲਾਚੌਰ 'ਚ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਇਲਜ਼ਾਮ

ਪੰਜਾਬ ’ਚ ਜ਼ਿੰਮੇਵਾਰੀ
ਆਉਣ ਵਾਲੀਆਂ ਚੋਣਾਂ ’ਚ ਹੰਸ ਰਾਜ ਹੰਸ ਪੰਜਾਬ ’ਚ ਕਿਹੜੀ ਜ਼ਿੰਮੇਵਾਰੀ ਨਿਭਾਉਣਗੇ, ਇਸ ਸਵਾਲ ’ਤੇ ਹੰਸ ਨੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਵੇਂ ਦਿੱਲੀ ’ਚ ਰਹਿਣ ਜਾਂ ਦੁਨੀਆ ਦੇ ਕਿਸੇ ਵੀ ਕੋਨੇ ’ਚ, ਪੰਜਾਬ ਉਸ ਦੇ ਦਿਲ ’ਚ ਵੱਸਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਉਨ੍ਹਾਂ ਦੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਹੈ ਪਰ ਫਿਰ ਵੀ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਪਰ ਉਹ ਪੰਜਾਬ ’ਚ ਚੋਣ ਪ੍ਰਚਾਰ ਲਈ ਜ਼ਰੂਰ ਆਉਣਗੇ।

ਕਿਸਾਨ ਅੰਦੋਲਨ ਖਤਮ ਹੋਣ ਨਾਲ ਕਿੰਨਾ ਫਾਇਦਾ
ਹੰਸ ਰਾਜ ਹੰਸ ਨੇ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦੇ ਐਲਾਨ ਨੂੰ ਆਪਣੇ ਜੀਵਨ ਦਾ ਸਭ ਤੋਂ ਸਕੂਨ ਦੇਣ ਵਾਲਾ ਪਲ ਦੱਸਿਆ। ਹੰਸ ਨੇ ਕਿਹਾ ਕਿ ਇਹ ਇਤਿਹਾਸਕ ਚੀਜ਼ ਸੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਆਫ਼ੀ ਮੰਗੀ ਤਾਂ ਕਿ ਗੁੱਸਾ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰਿਆਂ ਨੂੰ ਰਾਹਤ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਭਾਜਪਾ ਨੂੰ ਇਸ ਦਾ ਫਾਇਦਾ ਵੀ ਹੋਵੇਗਾ।

ਕੈਪਟਨ ’ਤੇ ਬੋਲੇ ਹੰਸ ਰਾਜ
ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੰਗੇ ਇਨਸਾਨ ਹਨ, ਜੇਕਰ ਕੋਈ ਰਾਜਾ ਗਲਤ ਕੰਮ ਕਰ ਰਿਹਾ ਹੈ ਤਾਂ ਵਜ਼ੀਰਾਂ ਦਾ ਇਹ ਕੰਮ ਹੁੰਦਾ ਹੈ ਕਿ ਉਹ ਰਾਜੇ ਨੂੰ ਸਮਝਾਉਣ, ਉਹ ਲੋਕ ਵੀ ਸਿਸਟਮ ਦਾ ਹਿੱਸਾ ਹੁੰਦੇ ਹਨ। ਜਿਸ ਤਰ੍ਹਾਂ ਕੈਪਟਨ ’ਤੇ ਦੋਸ਼ ਲਾ ਕੇ ਸਾਢੇ 4 ਸਾਲਾ ਦੇ ਸਾਰੇ ਗਲਤ ਕੰਮ ਉਨ੍ਹਾਂ ’ਤੇ ਪਾਏ ਗਏ ਹਨ, ਉਹ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਸ਼ਬਦੀ ਹਮਲਾ, ਕਿਹਾ-ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News