ਅਕਾਲੀ ਲੀਡਰ ਕਿਸ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ : ਦਰਸ਼ਨ ਬਰਾੜ

Wednesday, Jan 03, 2018 - 04:32 PM (IST)

ਅਕਾਲੀ ਲੀਡਰ ਕਿਸ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ : ਦਰਸ਼ਨ ਬਰਾੜ


ਬਾਘਾਪੁਰਾਣਾ (ਰਾਕੇਸ਼) - ਪਿਛਲੇ 10 ਸਾਲਾਂ ਵਿਚ ਅਕਾਲੀਆਂ ਵੱਲੋਂ ਡੋਬੇ ਵਿਕਾਸ ਨੂੰ ਕਾਂਗਰਸ ਪਾਰਟੀ ਨੇ ਗੰਭੀਰਤਾ ਨਾਲ ਲਿਆ ਹੈ। ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਲੀਡਰ ਕਿਸ ਮੂੰਹ ਨਾਲ ਵਿਕਾਸ ਬਾਰੇ ਬੋਲ ਰਹੇ ਹਨ, ਜਿਨ੍ਹਾਂ ਨੇ ਸੀਵਰੇਜ, ਪਾਰਕ, ਸਟੇਡੀਅਮ, ਕੰਮਿਊਨਿਟੀ ਹਾਲ ਨੂੰ ਪੂਰਾ ਕਰਨ ਦੀ ਬਜਾਏ ਸ਼ਹਿਰ ਨੂੰ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਸਾਲ ਸ਼ਹਿਰ ਲਈ 18 ਕਰੋੜ ਰੁਪਏ ਦੀ ਰਾਸ਼ੀ ਦੇ ਕੇ ਅਕਾਲੀਆਂ ਨੂੰ ਸਬਕ ਸਿਖਾਇਆ ਹੈ ਕਿ ਵਿਕਾਸ ਝੂਠ ਅਤੇ ਡਰਾਮੇਬਾਜ਼ੀ ਨਾਲ ਨਹੀਂ ਹੁੰਦਾ ਸਗੋਂ ਫੰਡਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕੇਂਦਰ ਸਰਕਾਰ ਤੋਂ ਨਵਾਂ ਪੈਸਾ ਵੀ ਸ਼ਹਿਰ ਲਈ 2 ਟਰਮਾਂ ਵਿਚ ਨਹੀਂ ਲਿਆਂਦਾ ਸਗੋਂ ਸਰਕਾਰੀ ਜਾਇਦਾਦਾਂ ਵੇਚਣ ਅਤੇ ਠੇਕਿਆਂ 'ਤੇ ਦੇਣ ਦਾ ਕੰਮ ਜ਼ਰੂਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 2011 ਵਿਚ 28 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਦੀ ਪੁਟਾਈ ਤੋਂ ਬਾਅਦ ਦੋ ਸਾਲ ਟੁੱਟੀਆਂ ਸੜਕਾਂ 'ਤੇ ਮੁਹੱਲਿਆਂ ਵਿਚ ਲੋਕ ਠੇਡੇ ਖਾਂਦੇ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਆਪਣਾ 10 ਸਾਲਾਂ ਦਾ ਸਮਾਂ ਯਾਦ ਕਰਨ ਜਦੋਂ ਕਿਸੇ ਕਾਂਗਰਸੀ ਵਰਕਰ ਨੂੰ ਨਗਰ ਕੌਂਸਲ, ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ, ਕੋਆਪ੍ਰੇਟਿਵ ਸੁਸਾਇਟੀ, ਪੰਚਾਇਤੀ, ਬੈਂਕ ਦੀਆਂ ਚੋਣਾਂ 'ਚ ਨੇੜੇ ਵੀ ਨਹੀਂ ਲੱਗਣ ਦਿੰਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਨਾਲ ਲੋਕਾਂ ਨੇ ਮਸਾਂ ਜਾ ਕੇ ਅਕਾਲੀਆਂ ਤੋਂ ਖਹਿੜਾ ਛੁਡਵਾਇਆ ਹੈ ਅਤੇ ਸੁੱਖ ਦਾ ਸਾਹ ਲਿਆ ਹੈ। ਸ. ਬਰਾੜ ਨੇ ਕਿਹਾ ਕਿ ਸ਼ਹਿਰ ਨੂੰ ਨਵੇਂ ਸਾਲ ਵਿਚ ਪਾਰਕ, ਸੀਵਰੇਜ ਤੇ ਕਾਲਜ ਦਾ ਕੰਮ ਮੁਕੰਮਲ ਕਰਵਾ ਕੇ ਤੋਹਫਾ ਦਿੱਤਾ ਜਾਵੇਗਾ। ਇਸ ਮੌਕੇ ਨਰ ਸਿੰਘ ਬਰਾੜ ਕੌਂਸਲਰ, ਬਿੱਟੂ ਮਿੱਤਲ, ਜਸਵਿੰਦਰ ਕਾਕਾ ਅਤੇ ਹੋਰ ਹਾਜ਼ਰ ਸਨ। 


Related News