ਕਰ ਲਓ ਗੱਲ! ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦਾ ਇਕ ਸੱਚ ਇਹ ਵੀ, ਘਟਨਾ ਨੇ ਖੋਲ੍ਹੀਆਂ ਪਿੰਡ ਵਾਲਿਆਂ ਦੀਆਂ ਅੱਖਾਂ
Wednesday, Aug 09, 2017 - 06:32 PM (IST)

ਖਰੜ (ਰਣਬੀਰ)-ਇਥੋਂ ਦੇ ਨਜ਼ਦੀਕੀ ਪਿੰਡ ਮਦਨਹੇੜੀ ਵਿਖੇ ਬੀਤੀ ਰਾਤ ਉਦੋਂ ਇਕਦਮ ਦਹਿਸ਼ਤ ਜਿਹਾ ਮਾਹੌਲ ਬਣ ਗਿਆ, ਜਦੋਂ ਪਿੰਡ ਦੀ ਹੀ ਇਕ ਔਰਤ ਦੇ ਵਾਲ ਕੱਟਣ ਦੀ ਗੱਲ ਚਾਰੇ ਪਾਸੇ ਫੈਲ ਗਈ। ਇਸ ਦਾ ਪਤਾ ਲੱਗਦਿਆਂ ਹੀ ਪਿੰਡ ਦੀ ਪੰਚਾਇਤ ਵਲੋਂ ਇਸ ਦੀ ਇਤਲਾਹ ਫੌਰਨ ਥਾਣਾ ਸਦਰ ਪੁਲਸ ਨੂੰ ਦਿੱਤੀ ਤਾਂ ਪੁਲਸ ਮੌਕੇ ਉਤੇ ਪੁੱਜ ਗਈ।
ਪੂਰੀ ਤਫਤੀਸ਼ ਦੌਰਾਨ ਜੋ ਸੱਚਾਈ ਸਾਹਮਣੇ ਆਈ, ਉਹ ਹੈਰਾਨ ਕਰਨ ਵਾਲੀ ਅਤੇ ਅੱਖਾਂ ਖੋਲ੍ਹਣ ਵਾਲੀ ਹੈ। ਉਸ ਬਾਰੇ ਐੱਸ. ਐੱਚ. ਓ. ਥਾਣਾ ਸਦਰ ਐੱਸ. ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਘਟਨਾ ਦਾ ਪਤਾ ਲੱਗਣ 'ਤੇ ਉਹ ਮੌਕੇ ਉਤੇ ਪੁੱਜੇ ਸਨ। ਜਿੱਥੇ ਮਹਿਲਾ 30 ਸਾਲ ਜੋ ਇਕ ਨਿੱਜੀ ਸਿਹਤ ਕੇਂਦਰ 'ਚ ਕੰਮ ਕਰਦੀ ਹੈ, ਮੁਤਾਬਿਕ ਉਹ ਜਦੋਂ ਸ਼ਾਮ ਦੇ ਸਮੇਂ ਰਸੌਈ 'ਚ ਕੰਮ ਕਰ ਰਹੀ ਸੀ ਉਸਦੇ ਦੋਵੇਂ ਲੜਕੇ ਵੀ ਘਰ 'ਚ ਹੀ ਮੌਜੂਦ ਸਨ ਤਾਂ ਅਚਾਨਕ ਕਿਸੇ ਨੇ ਉਸ ਦੇ ਵਾਲ ਕੱਟ ਲਏ, ਇਸ ਦੇ ਮਗਰੋਂ ਉਹ ਇਕ ਤਰ੍ਹਾਂ ਬੇਸੁੱਧ ਹੋ ਗਈ ਅਤੇ ਕੁਝ ਸਮੇਂ ਤੱਕ ਉਸ ਨੂੰ ਆਪਣੇ ਬਾਰੇ ਕੁਝ ਪਤਾ ਨਾ ਰਿਹਾ। ਅਖੀਰ ਕੁਝ ਸਮੇਂ ਬਾਅਦ ਉਸ ਦਾ ਪਤੀ ਜਦੋਂ ਘਰ ਪੁੱਜਾ। ਇਹ ਸਾਰੀ ਗੱਲ ਘਰ ਤੋਂ ਆਂਢ-ਗੁਆਂਢ ਅਤੇ ਅਖੀਰ ਪੂਰੇ ਪਿੰਡ ਵਿਚ ਫੈਲ ਗਈ।
ਪੁਲਸ ਅਧਿਕਾਰੀ ਮੁਤਾਬਿਕ ਲੇਡੀ ਪੁਲਸ ਦੀ ਮਦਦ ਨਾਲ ਉਕਤ ਔਰਤ ਦੇ ਵਾਲਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਾਲ ਇਕੋ ਵਾਰ 'ਚ ਨਹੀਂ ਸਗੋਂ ਬੜੀ ਰੀਝ ਅਤੇ ਸਟਾਈਲ ਦੇ ਨਾਲ ਕੱਟੇ ਗਏ ਸਨ। ਇਸ ਤੋਂ ਇਲਾਵਾ ਕਿਉਂਕਿ ਘਟਨਾ ਰਸੋਈ ਅੰਦਰ ਵਾਪਰਨ ਦੀ ਗੱਲ ਆਖੀ ਗਈ ਸੀ। ਪਰ ਜਦੋਂ ਰਸੌਈ ਅੰਦਰ ਪੜਤਾਲ ਕੀਤੀ ਗਈ ਤਾਂ ਉਥੇ ਇਸ ਤਰ੍ਹਾਂ ਦੇ ਕੋਈ ਵਾਲ ਨਜ਼ਰ ਨਹੀਂ ਆਏ। ਜੋ ਵਾਲ ਮਹਿਲਾ ਵਲੋਂ ਪੁਲਸ ਨੂੰ ਕੱਟੇ ਵਾਲ ਵਿਖਾਏ ਗਏ ਸਨ ਉਹ ਵੀ ਉਸ ਦੇ ਸਹੀ ਸਲਾਮਤ ਵਾਲਾਂ ਨਾਲ ਮੇਲ ਨਹੀਂ ਸਨ ਖਾ ਰਹੇ ਸਨ। ਇਸ ਸਭ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਦਾਲ 'ਚ ਕੁਝ ਕਾਲਾ ਜ਼ਰੂਰ ਸੀ।
ਅਧਿਕਾਰੀ ਮੁਤਾਬਿਕ ਥੋੜ੍ਹਾ ਡੂੰਘਾਈ 'ਚ ਜਾ ਕੇ ਜਦੋਂ ਉਸ ਮਹਿਲਾ ਕੋਲੋਂ ਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਤਾਂ ਵਾਲ ਕੱਟਣ ਦੀ ਘਟਨਾ ਪਿਛੇ ਸਾਰੀ ਅਸਲੀਅਤ ਸਾਹਮਣੇ ਆ ਗਈ।
ਆਪਣੀ ਪੋਲ ਖੁੱਲ੍ਹਦੀ ਵੇਖ ਅਖੀਰ ਉਸ ਔਰਤ ਨੇ ਦੱਸਿਆ ਕਿ ਉਹ ਜਿਸ ਥਾਂ ਕੰਮ ਕਰਦੀ ਹੈ, ਉਥੇ ਉਸਦੇ ਨਾਲ ਦੇ ਮਹਿਲਾ ਸਟਾਫ ਵਲੋਂ ਕੱਟਵੇਂ ਵਾਲ ਰੱਖੇ ਹੋਏ ਹਨ। ਕਿਉਂਕਿ ਕੰਮ 'ਤੇ ਜਾ ਕੇ ਉਸ ਨੂੰ ਉਥੇ ਵਰਦੀ ਪਾਉਣੀ ਪੈਂਦੀ ਹੈ। ਲੰਮੇ ਵਾਲ ਹੋਣ ਕਾਰਨ ਵਰਦੀ ਪਾਉਣ ਵੇਲੇ ਵੀ ਸਮੱਸਿਆ ਆਉਦੀ ਹੈ। ਇਸੇ ਲਈ ਉਸ ਨੂੰ ਆਪਣੇ ਵਾਲ ਇਸ ਤਰ੍ਹਾਂ ਕੱਟਣ ਦੀ ਯੋਜਨਾ ਬਣਾਈ ਸੀ ਕਿਉਂਕਿ ਜੇਕਰ ਮੈਂ ਘਰ ਦੱਸ ਕੇ ਵਾਲ ਕਟਵਾਉਦੀ ਤਾਂ ਸ਼ਾਇਦ ਮੈਨੂੰ ਇਜਾਜ਼ਤ ਨਾ ਮਿਲਦੀ। ਉਸ ਨੇ ਦੱਸਿਆ ਕਿ ਉਸਨੇ ਆਪਣੇ ਵਾਲ ਖੁਦ ਕੱਟੇ ਸਨ, ਅਸਲੀ ਵਾਲ ਉਸਨੂੰ ਚੁੱਲ੍ਹੇ ਵਿਚ ਸਾੜ ਦਿੱਤੇ ਅਤੇ ਬਣਾਉਟੀ ਵਾਲ ਵਿਖਾਉਣ ਦੇ ਲਈ ਰੱਖ ਲਏ ਸਨ।
ਅਸਲੀਅਤ ਦਾ ਪਤਾ ਲੱਗਾ ਤਾਂ ਹੁਣ ਵਾਰੀ ਸੀ ਉਕਤ ਮਹਿਲਾ ਵਲੋਂ ਪੁਲਸ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਖਿਲਾਫ ਕਾਰਵਾਈ ਕਰਨ ਦੀ, ਪਰ ਪਿੰਡ ਦੀ ਸਮੂਹ ਪੰਚਾਇਤ ਅਤੇ ਲੋਕਾਂ ਵਲੋਂ ਗੁਜਾਰਿਸ਼ ਕੀਤੇ ਜਾਣ 'ਤੇ ਮਹਿਲਾ ਵਲੋਂ ਲਿਖਿਤ ਰੂਪ 'ਚ ਮੁਆਫੀ ਮੰਗੇ ਜਾਣ 'ਤੇ ਮਾਮਲੇ ਨੂੰ ਉਥੇ ਹੀ ਖਤਮ ਕਰ ਦਿੱਤਾ ਗਿਆ।
ਘਰਾਂ ਅੱਗੇ ਟੰਗੇ ਨਿੰਮ ਦੇ ਪੱਤੇ ਵੀ ਪੁਲਸ ਨੇ ਉਤਰਵਾਏ:
ਇਸ ਸਾਰੇ ਮਾਮਲੇ ਦੌਰਾਨ ਪੁਲਸ ਅਧਿਕਾਰੀ ਭਗਵੰਤ ਸਿੰਘ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀਂ ਕਿਉਂਕਿ ਇਹ ਵੀ ਹੋ ਸਕਦਾ ਸੀ ਉਕਤ ਘਟਨਾ ਦੀ ਤਹਿ ਤਕ ਜਾਣ ਦੀ ਥਾਂ ਕਿਸੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ। ਪਰ ਅਜਿਹੀਆਂ ਘਟਨਾਵਾਂ ਕਾਰਨ ਪੈਦਾ ਹੋਣ ਵਾਲੇ ਬਿਨ੍ਹਾਂ ਵਜ੍ਹਾ ਦੇ ਭੈਅ ਭਰੇ ਮਾਹੌਲ ਨੂੰ ਦੇਖਦਿਆਂ ਅਸਲੀਅਤ ਦਾ ਸਾਹਮਣੇ ਆਉਣਾ ਬੇਹੱਦ ਲਾਜ਼ਮੀ ਸੀ। ਜੋ ਥੋੜ੍ਹੇ ਹੀ ਚਿਰ ਬਾਅਦ ਪੁਲਸ ਦੀ ਪੜਤਾਲ ਮਗਰੋਂ ਲੋਕਾਂ ਸਾਹਮਣੇ ਆ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਉਕਤ ਥਾਂ ਉਨ੍ਹਾਂ ਦੇਖਿਆ ਕਿ ਘਰਾਂ ਦੇ ਬਾਹਰ ਲੋਕਾਂ ਨੇ ਨਿੰਮ ਦੇ ਪੱਤੇ ਆਦਿ ਇਸ ਲਈ ਟੰਗੇ ਹੋਏ ਸਨ ਤਾਂ ਜੋ ਅਜਿਹੀ ਕਿਸੇ ਓਪਰੀ ਸ਼ਹਿ ਕਾਰਨ ਉਨ੍ਹਾਂ ਦੇ ਘਰ 'ਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ ਪਰ ਕਿÀੁਂਕਿ ਇਹ ਸਭ ਅੰਧਵਿਸ਼ਵਾਸ ਹੈ, ਇਸ ਬਾਰੇ ਜਦੋਂ ਲੋਕਾਂ ਨੂੰ ਸਮਝਾਇਆ ਗਿਆ ਤਾਂ ਸਭ ਨੇ ਆਪਣੇ ਘਰਾਂ ਮੁਹਰੇ ਟੰਗੇ ਨਿੰਮ ਦੇ ਪੱਤੇ ਆਦਿ ਮੌਕੇ 'ਤੇ ਹੀ ਉਤਾਰ ਦਿੱਤੇ ਅਤੇ ਭਰੋਸਾ ਦਿੱਤਾ ਕਿ ਉਹ ਅਜਿਹੀ ਕਿਸੇ ਵੀ ਅਫਵਾਹ ਅਤੇ ਸੁਣੀ ਸੁਣਾਈ ਗੱਲ 'ਤੇ ਕਿਸੇ ਵੀ ਤਰ੍ਹਾਂ ਵਿਸ਼ਵਾਸ ਕਰ ਗੁੰਮਰਾਹ ਨਹੀਂ ਹੋਣਗੇ।