ਗੁਰੂਹਰਸਹਾਏ ਦੀਆਂ ਸੜਕਾਂ ਕਿਸਾਨਾਂ ਦੇ ਟਰੈਕਟਰਾਂ ਤੇ ਮੋਟਰ ਸਾਈਕਲਾਂ ਨਾਲ ਭਰੀਆਂ, ਕੱਢਿਆ ਵਿਸ਼ੇਸ਼ ਮਾਰਚ
Tuesday, Jan 26, 2021 - 01:05 PM (IST)
ਗੁਰੂਹਰਸਹਾਏ (ਆਵਲਾ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਵਿਖੇ ਅੰਦੋਲਨ ਕਰ ਰਹੇ ਹਨ। ਕਈ ਦਿਨ ਬੀਤਣ ਮਗਰੋਂ ਇਸ ਵਿੱਚ ਕੋਈ ਸਫ਼ਲਤਾ ਹਾਸਲ ਹੁੰਦੀ ਨਜ਼ਰ ਨਹੀਂ ਆ ਰਹੀ, ਜਿਸਦੇ ਚਲਦਿਆ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਕਿਸਾਨਾਂ ਵੱਲੋ ਮੋਟਰਸਾਈਕਲ ਅਤੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮਾਰਚ ਮੌਕੇ ਮੋਦੀ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ‘ਗਲੀ ਗਲੀ ਮੇਂ ਸ਼ੋਰ ਹੈ, ਮੋਦੀ ਚੋਰ ਹੈ’ ਦੇ ਨਾਅਰੇ ਲਾਉਂਦੇ ਹੋਏ ਕਿਸਾਨਾਂ ਵੱਲੋ ਮੋਟਰ ਸਾਈਕਲਾਂ ਅਤੇ ਟਰੈਕਟਰਾਂ ’ਤੇ ਸਵਾਰ ਹੋ ਕੇ ਸ਼ਾਂਤਮਈ ਢੰਗ ਨਾਲ ਮਾਰਚ ਕੱਢਿਆ ਗਿਆ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋ ਮੋਟਰਸਾਈਕਲਾ ਅਤੇ ਟਰੈਕਟਰਾਂ ਤੇ ਸਵਾਰ ਹੋ ਕੇ ਸ਼ਹਿਰ ਗੁਰੂਹਰਸਹਾਏ ਦੀ ਫ਼ਰੀਦਕੋਟ ਰੋਡ, ਮੁਕਤਸਰ ਰੋਡ ਤੋਂ ਹੁੰਦੇ ਹੋਏ ਇਹ ਮੋਟਰਸਾਈਕਲ ਅਤੇ ਟਰੈਕਟਰ ਮਾਰਚ ਫਿਰੋਜ਼ਪੁਰ ਫਾਜ਼ਿਲਕਾ ਰੋਡ ’ਤੇ ਸਥਿਤ ਪਿੰਡ ਗੋਲੂ ਕਾ ਮੋੜ ਵਿਖੇ ਜਾ ਕੇ ਸਮਾਪਤ ਹੋਇਆ। ਟਰੈਕਟਰ ਮਾਰਚ ਦੌਰਾਨ ਕਈ ਕਿਸਾਨਾਂ ਦੇ ਛੋਟੇ ਬੱਚੇ, ਜੋ ਇਕ ਸੰਨ ਗਰੁੱਫ ਕਾਰ ਵਿਚ ਕਿਸਾਨੀ ਝੰਡਾ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸੀ।
ਕਿਸਾਨਾਂ ਨੇ ਕਿਹਾ ਕਿ ਜਦੋ ਤੱਕ ਇਹ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਖੇਤੀ ਬਿੱਲ ਰੱਦ ਨਹੀਂ ਹੁੰਦੇ, ਓਦੋ ਤੱਕ ਅੰਦੋਲਨ ਜਾਰੀ ਰਹੇਗਾ। ਗੁਰੂਹਰਸਹਾਏ ਸ਼ਹਿਰ ਦੀ ਫ਼ਰੀਦਕੋਟ ਰੋਡ, ਮੋਹਣ ਕੇ ਰੋਡ, ਮੁਕਤਸਰ ਰੋਡ ਕਿਸਾਨਾਂ ਦੇ ਟਰੈਕਟਰਾਂ ਅਤੇ ਮੋਟਰਸਾਈਕਲਾਂ ਨਾਲ ਭਰ ਗਈਆ ਸਨ।