ਪੰਜਾਬ ''ਚੋਂ ਨਸ਼ਿਆਂ ਨੂੰ ਜੜ ਤੋਂ ਪੁੱਟ ਸੁੱਟੇਗੀ ਭਾਜਪਾ: ਕੇਵਲ ਸਿੰਘ ਢਿੱਲੋਂ
Sunday, Sep 20, 2026 - 02:56 PM (IST)
ਫਾਜ਼ਿਲਕਾ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਤੀਜੇ ਦਿਨ ਅੱਜ ਫਾਜ਼ਿਲਕਾ ਵਿਚ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚੋਂ ਨਸ਼ੇ ਨੂੰ ਜੜ ਤੋਂ ਪੁੱਟ ਸੁੱਟੇਗੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ 'ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਹੈ। ਸਾਨੂੰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਗੁਰੂਆਂ-ਪੀਰਾਂ, ਸ਼ਹੀਦਾਂ ਤੇ ਬਹਾਦਰਾਂ ਦੀ ਧਰਤੀ ਨਸ਼ੇ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੌਰਾਨ ਆਉਣ ਵਾਲੇ 2 ਸਾਲਾਂ ਵਿਚ ਪੂਰੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆਏ ਸੀ ਤਾਂ ਉਨ੍ਹਾਂ ਨੇ ਵੀ ਆਪਣੇ ਸੰਬੋਧਨ ਵਿਚ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ 'ਤੇ 2 ਸਾਲਾਂ ਅੰਦਰ ਨਸ਼ੇ ਨੂੰ ਜੜੋਂ ਪੁੱਟ ਕੇ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਕਰਨਾ ਕਿਸੇ ਇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ, ਸਗੋਂ ਇਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
