ਗੁਰਪੁਰਬ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ

11/02/2017 5:27:49 AM

ਸੁਲਤਾਨਪੁਰ ਲੋਧੀ, (ਧੀਰ, ਜੋਸ਼ੀ)- ਪ੍ਰਸ਼ਾਸਨ ਵੱਲੋਂ ਗੁਰਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਵਿੱਤਰ ਨਗਰੀ ਆਉਣ ਸਮੇਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਜਾਂ ਮੁਸ਼ਕਲ ਨਾ ਹੋਵੇ, ਦੇ ਲਈ ਸ਼ਹਿਰ ਦੇ ਚਾਰੇ ਪਾਸੇ ਟ੍ਰੈਫਿਕ ਰੂਟ ਪਲਾਨ ਜਾਰੀ ਕੀਤੇ ਗਏ ਹਨ, ਜਿਸ ਦੀ ਪਾਲਣਾ ਲਈ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। 
ਇਹ ਪ੍ਰਗਟਾਵਾ ਐੱਸ. ਡੀ. ਐੱਮ. ਡਾ. ਚਾਰੂਮਿਤਾ ਤੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਪਾਰਕਿੰਗ ਵਾਲੀ ਥਾਂ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਸਤੇ ਆਟੋਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਸੰਗਤਾਂ ਨੂੰ ਫ੍ਰੀ ਸੇਵਾ ਮੁਹੱਈਆ ਕਰਵਾਉਣਗੇ। ਇਸ ਵਾਰ ਵਾਹਨਾਂ ਲਈ ਬਹੁਤ ਘੱਟ ਪਾਸ ਜਾਰੀ ਕੀਤੇ ਗਏ ਹਨ ਤੇ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦੇ ਰਸਦ ਦਾ ਸਾਮਾਨ ਪਹੁੰਚਾਉਣ ਲਈ ਵੀ ਛੋਟੇ ਹਾਥੀ ਦਾ ਇੰਤਜ਼ਾਮ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੈਦਲ ਯਾਤਰੀਆਂ ਲਈ ਅਸੀਂ ਮਿੰਨੀ ਬੱਸਾਂ ਦਾ ਵੀ ਪ੍ਰਬੰਧ ਕਰਨ ਜਾ ਰਹੇ ਹਾਂ। 
ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਗੁਰਪੁਰਬ ਮੌਕੇ ਨਾ ਤਾਂ ਕਿਸੇ ਨੂੰ ਹੁੱਲੜਬਾਜ਼ੀ ਦੀ ਤੇ ਨਾ ਹੀ ਪਟਾਕੇ ਵਜਾਉਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੁਰੱਖਿਆ ਲਈ 1076 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਸਮੇਂ-ਸਮੇਂ ਆਪਣੀ ਡਿਊਟੀ 'ਤੇ ਮੁਸਤੈਦ ਰਹਿਣਗੇ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ।


Related News