ਗੁਰਦੁਆਰਾ ਸਾਹਿਬ ਦੀਵਾਨ ਅਸਥਾਨ ਸੈਂਟਰਲ ਟਾਊਨ ਪੁਲਸ ਛਾਉਣੀ ''ਚ ਹੋਇਆ ਤਬਦੀਲ

01/12/2018 4:44:52 AM

ਜਲੰਧਰ, (ਚਾਵਲਾ)— ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਸਾਂਭ-ਸੰਭਾਲ ਨੂੰ ਲੈ ਕੇ ਬੀਤੇ ਦਿਨੀਂ ਪਰਮਜੀਤ ਸਿੰਘ ਭਾਟੀਆ ਅਤੇ ਮੋਹਨ ਸਿੰਘ ਢੀਂਡਸਾ ਧੜਿਆਂ ਵਿਚਾਲੇ ਹੋਈ ਗਰਮਾ-ਗਰਮੀ ਦੇ ਮੱਦੇਨਜ਼ਰ ਅੱਜ ਸਾਰਾ ਦਿਨ ਗੁਰਦੁਆਰਾ ਪੁਲਸ ਛਾਉਣੀ ਵਿਚ ਤਬਦੀਲ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਾਪਰੀ ਘਟਨਾ ਦੇ ਕਾਰਨ ਅੱਜ ਪੁਲਸ ਪ੍ਰਸ਼ਾਸਨ ਨੇ ਭਾਟੀਆ ਅਤੇ ਢੀਂਡਸਾ ਧੜੇ ਨੂੰ ਦਸਤਾਵੇਜ਼ਾਂ ਸਮੇਤ ਆਪਣਾ ਪੱਖ ਰੱਖਣ ਲਈ ਸੱਦਿਆ ਸੀ, ਜਿਸ ਲਈ ਅੱਜ ਪਰਮਜੀਤ ਸਿੰਘ ਭਾਟੀਆ ਅਤੇ ਢੀਂਡਸਾ ਧੜੇ ਨੇ ਏ. ਡੀ. ਸੀ. ਪੀ. ਮਨਦੀਪ ਸਿੰਘ ਗਿੱਲ ਦੇ ਦਫਤਰ ਵਿਚ ਆਪਣਾ ਪੱਖ ਰੱਖਿਆ। ਇਸ ਦੌਰਾਨ ਹੋਰ ਵੀ ਪੁਲਸ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਇਨ੍ਹਾਂ ਦੇ ਪੱਖ ਨੂੰ ਗੌਰ ਨਾਲ ਸੁਣਿਆ। 
ਬਾਅਦ ਵਿਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਐੱਸ. ਡੀ. ਐੱਮ. ਰਾਜੀਵ ਵਰਮਾ, ਡੀ. ਸੀ. ਪੀ. ਜਸਵੀਰ ਸਿੰਘ, ਏ. ਡੀ. ਸੀ. ਪੀ. ਮਨਦੀਪ ਸਿੰਘ ਗਿੱਲ, ਤਹਿਸੀਲਦਾਰ ਕਰਨਦੀਪ ਭੁੱਲਰ, ਏ. ਸੀ. ਪੀ. ਪਰਮਿੰਦਰ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਨਵਦੀਪ ਸਿੰਘ, ਇੰਸਪੈਕਟਰ ਵਿਜੇ ਕੁੰਵਰ ਸਿੰਘ ਤੋਂ ਇਲਾਵਾ ਭਾਰੀ ਸੁਰੱਖਿਆ ਬਲ ਮੌਜੂਦ ਸਨ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਿਸੀਵਰ ਰਾਜੀਵ ਵਰਮਾ ਐੱਸ. ਡੀ. ਐੱਮ. 1 ਨੇ ਦੱਸਿਆ ਕਿ ਉਹ ਅੱਜ ਬੀਤੇ ਦਿਨੀਂ ਵਾਪਰੀ ਘਟਨਾ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਬਤੌਰ ਰਿਸੀਵਰ ਆਏ ਹਨ, ਜਦਕਿ ਮਾਣਯੋਗ ਅਦਾਲਤ ਵਲੋਂ ਇਥੇ ਰਿਸੀਵਰ ਨਿਯੁਕਤ ਕੀਤਾ ਗਿਆ ਹੈ ਤੇ ਹੁਣ ਉਹ ਗੁਰਦੁਆਰਾ ਸਾਹਿਬ ਦੀ ਗੋਲਕ, ਦਾਨ ਅਤੇ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਤੋਂ ਹੋਣ ਵਾਲੀ ਆਮਦਨ ਦਾ ਹਿਸਾਬ ਦੇਖਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਹਸਪਤਾਲ ਅਤੇ ਸਕੂਲ ਦਾ ਪ੍ਰਬੰਧ ਜਿਉਂ ਦਾ ਤਿਉਂ ਰਹੇਗਾ।
ਜੋ ਲੋਕ ਬਿਜਲੀ ਦਾ ਬਿੱਲ ਨਹੀਂ ਦੇ ਸਕਦੇ, ਉਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਕੋਈ ਹੱਕ ਨਹੀਂ : ਭਾਟੀਆ ਧੜਾ
ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਭਾਟੀਆ ਤੇ ਪ੍ਰਧਾਨ ਜਥੇਦਾਰ ਅਜੀਤ ਸਿੰਘ ਕਰਾਰ ਖਾਂ ਨੇ ਕਿਹਾ ਕਿ 8 ਸਾਲ ਬਾਅਦ ਰਿਸੀਵਰ ਸੇਵਾ ਸੰਭਾਲਣ ਵਿਚ ਕਾਮਯਾਬ ਹੋਏ ਕਿਉਂਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸੰਗਤਾਂ ਵਲੋਂ ਚੜ੍ਹਾਈ ਜਾਂਦੀ ਗੋਲਕ ਦੀ ਦੁਰਵਰਤੋਂ ਰੋਕਣ ਲਈ 2011 ਵਿਚ ਮਾਣਯੋਗ ਅਦਾਲਤ ਨੇ ਰਿਸੀਵਰ ਨਿਯੁਕਤ ਕੀਤਾ ਸੀ, ਉਸ ਨੂੰ ਸੇਵਾ ਤੱਕ ਨਹੀਂ ਕਰਨ ਦਿੱਤੀ ਗਈ ਤੇ ਸਿਆਸੀ ਦਬਾਅ ਕਾਰਨ ਦਬਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਝੂਠੀ ਸ਼ੋਹਰਤ ਕਾਰਨ ਪਿਛਲੇ 8 ਸਾਲਾਂ ਤੋਂ 8-9 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਜਮ੍ਹਾ ਨਹੀਂ ਕਰਵਾਇਆ ਗਿਆ। ਉਨ੍ਹਾਂ ਨੇ ਰਿਸੀਵਰ ਵਲੋਂ ਪ੍ਰਬੰਧ ਸੰਭਾਲਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹੁਣ ਗੁਰੂ ਦੀ ਗੋਲਕ ਦੀ ਦੁਰਵਰਤੋਂ ਨਹੀਂ ਹੋਵੇਗੀ ਤੇ ਪੈਸਾ ਗੁਰੂ ਘਰ ਦੇ ਕਾਰਜਾਂ ਵਿਚ ਹੀ ਲੱਗੇਗਾ। ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਲੋਕ ਬਿਜਲੀ ਦਾ ਬਿੱਲ ਨਹੀਂ ਦੇ ਸਕਦੇ, ਉਨ੍ਹਾਂ ਨੂੰ ਗੁਰੂਘਰ ਦੀ ਸੇਵਾ ਕਰਨ ਦਾ ਕੋਈ ਹੱਕ ਨਹੀਂ। ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਐੱਸ. ਡੀ. ਐੱਮ.-1 ਨੂੰ ਦੱਸਿਆ ਕਿ 5 ਤੋਂ 7 ਕਰੋੜ ਰੁਪਏ ਦੀ ਰਿਕਵਰੀ ਇਸ ਕਮੇਟੀ ਕੋਲੋਂ ਰਿਕਵਰ ਕਰਨਾ ਹੈ। ਇਸ ਲਈ ਇਨ੍ਹਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਐੱਸ. ਡੀ. ਐੱਮ. ਵਲੋਂ ਲਏ ਗਏ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਕ 2 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਵਿਚ ਡਾਕਟਰ ਪਰਮਜੀਤ ਸਿੰਘ ਮਰਵਾਹਾ ਤੇ ਜਥੇਦਾਰ ਅਜੀਤ ਸਿੰਘ ਕਰਾਰ ਖਾਂ ਦੇ ਨਾਮ ਨਾਮਜ਼ਦ ਕੀਤੇ ਗਏ ਸਨ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਹ 2 ਮੈਂਬਰਾਂ ਨੂੰ ਸੇਵਾ ਸੌਂਪਦੀ।


Related News