ਗੁਰਦਾਸਪੁਰ : ਅਣਖ ਖਾਤਰ ਭੈਣ ਦੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ
Sunday, Aug 25, 2019 - 10:33 AM (IST)
ਗੁਰਦਾਸਪੁਰ (ਵਿਨੋਦ) : ਅਣਖ ਦੀ ਖਾਤਰ ਇਕ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ਸਦਰ ਪੁਲਸ ਨੇ 2 ਔਰਤਾਂ ਸਮੇਤ 7 ਲੋਕਾਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰ ਕੇ ਮ੍ਰਿਤਕ ਦੀ ਪ੍ਰੇਮਿਕਾ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਲਗਭਗ 1 ਵਜੇ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਤੁੰਗ 'ਚ ਇਕ ਲੜਕੇ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਲਾਸ਼ ਅਜੇ ਵੀ ਮੁਲਜ਼ਮਾਂ ਦੇ ਘਰ 'ਚ ਪਈ ਹੈ, ਜਿਸ ਨੂੰ ਉਹ ਖੁਰਦ-ਬੁਰਦ ਕਰ ਸਕਦੇ ਹਨ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਪਿੰਡ ਤੁੰਗ ਪਹੁੰਚੀ ਅਤੇ ਮੰਗਾ ਮਸੀਹ ਦੇ ਨਿਵਾਸ ਸਥਾਨ 'ਤੇ ਛਾਪੇਮਾਰੀ ਕੀਤੀ ਤਾਂ ਉਥੋਂ ਯੂਸਫ ਮਸੀਹ ਪੁੱਤਰ ਕੰਵਲਜੀਤ ਮਸੀਹ ਵਾਸੀ ਤੁੰਗ ਦੀ ਇਕ ਕਮਰੇ ਵਿਚੋਂ ਲਾਸ਼ ਮਿਲੀ।
ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਹੱਤਿਆ ਸਬੰਧੀ ਜਦ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਇਹ ਮਾਮਲਾ ਅਣਖ (ਆਨਰ ਕੀਲਿੰਗ) ਦਾ ਨਿਕਲਿਆ। ਮ੍ਰਿਤਕ ਯੂਸਫ ਦੇ ਭਰਾ ਵਿਕਟਰ ਮਸੀਹ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ ਯੂਸਫ ਮੁਲਜ਼ਮਾਂ ਦੇ ਪਰਿਵਾਰ ਦੀ ਲੜਕੀ ਮਨਪ੍ਰੀਤ ਨਾਲ ਘਰੋਂ ਭੱਜ ਗਿਆ ਸੀ। ਲੜਕੀ ਧਿਰ ਦੋਵਾਂ ਨੂੰ ਸ਼੍ਰੀਨਗਰ ਤੋਂ ਫੜ ਕੇ ਵਾਪਸ ਪਿੰਡ ਲਿਆਦਾ ਸੀ ਅਤੇ ਪੰਚਾਇਤ ਨੇ ਦੋਵਾਂ ਪਰਿਵਾਰਾਂ 'ਚ ਸਮਝੌਤਾ ਕਰਵਾ ਕੇ ਲੜਕੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਸੀ ਪਰ ਉਸ ਸਮੇਂ ਤੋਂ ਹੀ ਮਨਪ੍ਰੀਤ ਦਾ ਪਰਿਵਾਰ ਰੰਜਿਸ਼ ਰੱਖਦਾ ਸੀ। ਇਸ ਰੰਜਿਸ਼ ਕਾਰਣ ਯੂਸਫ ਨੇ ਆਪਣੀ ਮਾਂ ਸਪਨਾ ਅਤੇ ਛੋਟੇ ਭਰਾ ਰਵੀ ਨੂੰ ਪ੍ਰੇਮ ਨਗਰ ਗੁਰਦਾਸਪੁਰ 'ਚ ਕਿਰਾਏ ਦਾ ਕਮਰਾ ਲੈ ਦਿੱਤਾ ਸੀ ਅਤੇ ਉਹ ਤਿੰਨੇ ਉਥੇ ਰਹਿੰਦੇ ਸਨ। ਵਿਕਟਰ ਮਸੀਹ ਅਨੁਸਾਰ ਬੀਤੇ ਦਿਨ ਉਨ੍ਹਾਂ ਦਾ ਭਰਾ ਯੂਸਫ ਨਜ਼ਦੀਕੀ ਪਿੰਡ ਵਰਸੋਲਾ 'ਚ ਮੇਲਾ ਦੇਖਣ ਲਈ ਗਿਆ ਹੋਇਆ ਸੀ ਅਤੇ ਉਥੋਂ ਉਹ ਸਿੱਧਾ ਗੁਰਦਾਸਪੁਰ ਚਲਾ ਗਿਆ ਸੀ। ਰਾਤ ਲਗਭਗ 11 ਵਜੇ ਯੂਸਫ ਦੇ ਰੌਲੇ ਦੀਆਂ ਆਵਾਜ਼ਾਂ ਮੰਗਾ ਮਸੀਹ ਦੇ ਘਰ ਤੋਂ ਸੁਣਾਈ ਦਿੱਤੀਆਂ ਤਾਂ ਅਸੀਂ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪਿੰਡ ਤੁੰਗ ਪਹੁੰਚੇ ਅਤੇ ਮੰਗੇ ਦੇ ਘਰ 'ਚ ਛਾਪੇਮਾਰੀ ਕਰ ਕੇ ਉਥੇ ਇਕ ਕਮਰੇ ਵਿਚ ਯੂਸਫ ਦੀ ਲਾਸ਼ ਬਰਾਮਦ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਨਪ੍ਰੀਤ ਅਤੇ ਉਸ ਦੀ ਮਾਂ ਕੰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਲੜਕੀ ਦੇ ਭਰਾ ਕਾਕਾ, ਪ੍ਰੀਤ, ਦੇਬਾ ਅਤੇ ਹੋਰ ਮੁਲਜ਼ਮ ਫਰਾਰ ਹੋ ਗਏ ਹਨ। ਡੀ. ਐੱਸ. ਪੀ. ਕੱਕੜ ਅਨੁਸਾਰ ਦੇ ਅਨੁਸਾਰ ਮ੍ਰਿਤਕ ਦੀ ਪ੍ਰੇਮਿਕਾ ਮਨਪ੍ਰੀਤ, ਮਾਂ ਕੰਤੀ, ਲੜਕੀ ਦੇ ਭਰਾ ਕਾਕਾ ਅਤੇ ਪ੍ਰੀਤ, ਅਜੂਬਾ, ਸੰਦੀਪ ਉਰਫ ਵਿੱਕੀ ਸਮੇਤ ਦੇਬਾ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਦੂਜੇ ਪਾਸੇ ਲੜਕੀ ਦੀ ਮਾਂ ਕੰਤੀ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਯੂਸਫ ਸਵੇਰੇ ਉਸਦੀ ਧੀ ਨੂੰ ਮੋਬਾਈਲ ਦੇ ਕੇ ਗਿਆ ਸੀ ਤਾਂ ਜੋ ਉਸ ਨਾਲ ਗੱਲ ਕਰਦਾ ਰਹੇ। ਰਾਤ ਨੂੰ ਯੂਸਫ ਅਚਾਨਕ ਹੀ ਲੜਕੀ ਨੂੰ ਮਿਲਣ ਘਰ ਆ ਗਿਆ, ਜੋ ਕਿ ਉਸਦੀ ਮੌਤ ਦਾ ਕਾਰਣ ਬਣੀ। ਉਥੇ, ਮ੍ਰਿਤਕ ਦੀ ਮਾਂ ਅਤੇ ਭਰਾ ਵਿਕਟਰ ਮਸੀਹ ਨੇ ਕਿਹਾ ਕਿ ਦੁਪਹਿਰ ਲਗਭਗ 3 ਵਜੇ ਨਬੀਪੁਰ ਬਾਈਪਾਸ ਤੋਂ ਉਨ੍ਹਾਂ ਦੇ ਲੜਕੇ ਅਗਵਾ ਕਰ ਕੇ ਮੋਟਰਸਾਈਕਲ 'ਤੇ ਘਰ ਲੈ ਆਏ ਸਨ ਅਤੇ ਉਸ ਦੀ ਕੁੱਟ-ਮਾਰ ਕਰਨ ਦੇ ਕਾਰਣ ਉਸ ਦੀ ਮੌਤ ਹੋ ਗਈ।
ਡੀ. ਐੱਸ. ਪੀ. ਰਾਜੇਸ਼ ਕੱਕੜ ਅਨੁਸਾਰ ਮ੍ਰਿਤਕ ਦੇ ਭਰਾ ਵਿਕਟਰ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕ ਦੀ ਪ੍ਰੇਮਿਕਾ, ਮਾਂ ਕੰਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੋਰ ਮੁਲਜ਼ਮਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਪਹਿਲਾ 5 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਦਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਧਰਨਾ ਦੇਣ ਤੋਂ ਬਾਅਦ ਪਰਿਵਾਰ ਦੀ ਮੰਗ ਅਨੁਸਾਰ 2 ਹੋਰ ਮੁਲਜ਼ਮਾਂ ਨੂੰ ਕੇਸ 'ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਮੋਬਾਈਲ ਯੂਸਫ ਆਪਣੀ ਪ੍ਰੇਮਿਕਾ ਨੂੰ ਦੇਖ ਕੇ ਗਿਆ ਸੀ, ਉਸਨੂੰ ਲੜਕੀ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਹੈ।