ਗੁਰਦਾਸਪੁਰ 'ਚ 60 ਸਾਲਾ ਬਜ਼ੁਰਗ ਦਾ ਬੇਰਿਹਮੀ ਨਾਲ ਕਤਲ
Thursday, Nov 30, 2017 - 05:42 PM (IST)
ਗੁਰਦਾਸਪੁਰ (ਵਿਨੋਦ) - ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ 60 ਸਾਲਾ ਬਜ਼ੁਰਗ ਦਾ ਬੇਰਿਹਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਗੁਰਦਾਸਪੁਰ ਹਸਪਤਾਲ 'ਚ ਦਰਸ਼ਨ ਸਿੰਘ ਨਿਵਾਸੀ ਵਡਾਲਾ ਬਾਂਗਰ ਅਤੇ ਮ੍ਰਿਤਕ ਦੇ ਲੜਕੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਅਤੇ ਮ੍ਰਿਤਕ ਸਵਰਨ ਸਿੰਘ ਪੁੱਤਰ ਕਪੂਰ ਸਿੰਘ ਨਿਵਾਸੀ ਪਿੰਡ ਬੇਰੀ ਕਸਬਾ ਭੈਣੀ ਮੀਆਂ ਖਾਂ 'ਚ ਫਾਈਨੈਂਸ ਦਾ ਕੰਮ ਕਰਦੇ ਹਨ। ਇਕ ਵਿਅਕਤੀ ਬਲਜੀਤ ਸਿੰਘ ਨਿਵਾਸੀ ਭੈਣੀ ਮੀਲਵਾਂ ਨੇ ਸਾਡੇ ਤੋਂ ਮੋਟਰਸਾਈਕਲ ਫਾਈਨੈਂਸ ਕਰਵਾ ਕੇ 35 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਇਸ ਸੰਬੰਧੀ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਕਾਪੀ ਸਾਡੇ ਕੋਲ ਗਿਰਵੀਂ ਪਈ ਹੈ। ਕੁਝ ਰਾਸ਼ੀ ਅਦਾ ਕਰਨ ਦੇ ਬਾਅਦ ਹੁਣ 17 ਹਜ਼ਾਰ ਰੁਪਏ ਅਜੇ ਵੀ ਬਕਾਇਆ ਅਦਾ ਕਰਨ ਨੂੰ ਰਹਿੰਦਾ ਸੀ ਪਰ ਬਾਅਦ 'ਚ ਬਲਜੀਤ ਸਿੰਘ ਪੈਸੇ ਵਾਪਸ ਕਰਨ 'ਚ ਟਾਲ ਮਟੋਲ ਕਰ ਰਿਹਾ ਸੀ। ਅਸੀਂ ਪੈਸੇ ਲੈਣ ਦੇ ਲਈ ਬਲਜੀਤ ਸਿੰਘ ਨੂੰ ਵਾਰ ਵਾਰ ਤਕਾਜ਼ਾ ਕਰ ਰਹੇ ਸੀ। ਦਰਸ਼ਨ ਸਿੰਘ ਦੇ ਅਨੁਸਾਰ ਉਹ ਬੀਤੇ ਦਿਨ ਇਥੇ ਨਹੀਂ ਸੀ ਅਤੇ ਬਲਜੀਤ ਸਿੰਘ ਆਦਿ ਨੇ ਮ੍ਰਿਤਕ ਸਵਰਨ ਸਿੰਘ ਨੂੰ ਪੈਸੇ ਲੈਣ ਦੇ ਲਈ ਦੁਪਹਿਰੇ ਲਗਭਗ 3.30 ਬੁਲਾਇਆ ਸੀ ਪਰ ਦੇਰ ਸ਼ਾਮ ਤੱਕ ਜਦ ਸਵਰਨ ਸਿੰਘ ਵਾਪਸ ਘਰ ਨਾ ਆਇਆ ਤਾਂ ਉਸ ਦੀ ਤਾਲਾਸ਼ੀ ਸ਼ੁਰੂ ਕੀਤੀ ਗਈ ਪਰ ਉਹ ਨਹੀਂ ਮਿਲਿਆ, ਦੇਰ ਸ਼ਾਮ ਇਸ ਦੀ ਜਾਣਕਾਰੀ ਪੁਰਾਣਾ ਸ਼ਾਲਾ ਪੁਲਸ ਨੂੰ ਵੀ ਦਿੱਤੀ ਗਈ। ਸਵਰਨ ਸਿੰਘ ਦੇ ਪਰਿਵਾਰ ਦੇ ਲੋਕ ਸਾਰੀ ਰਾਤ ਉਸ ਦੀ ਤਾਲਾਸ਼ ਕਰਦੇ ਰਹੇ। ਪੁਲਸ ਨੇ ਜਾਂਚ ਦੌਰਾਨ ਮ੍ਰਿਤਕ ਦਾ ਮੋਟਰਸਾਈਕਲ ਪੀ.ਬੀ.06ਯੂ-1465 ਅੱਡਾ ਸੈਦੋਵਾਲ ਤੇ ਤੋਂ ਬਰਾਮਦ ਕੀਤਾ ਅਤੇ ਵੀਰਵਾਰ ਤੜਕਸਾਰ ਸਵਰਨ ਸਿੰਘ ਦੀ ਲਾਸ਼ ਪਿੰਡ ਭੈਣੀ ਮੀਲਵਾਂ ਦੇ ਬਾਹਰ ਗੰਨੇ ਦੇ ਖੇਤ 'ਚ ਪਈ ਮਿਲੀ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ਼ ਵਿਸ਼ਵਾਨਾਥ
ਇਸ ਸੰਬੰਧੀ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ਼ ਵਿਸ਼ਵਾਨਾਥ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਭਾਰਤੀ ਸੈਨਾ ਤੋਂ ਰਿਟਾਇਰ ਜਵਾਨ ਸੀ ਅਤੇ ਇਸ ਸੰਬੰਧੀ ਹੱਤਿਆ ਦੇ ਦੋਸ਼ 'ਚ ਬਲਜੀਤ ਸਿੰਘ ਪੁੱਤਰ ਸੂਰਤਾ ਸਿੰਘ, ਰਜਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਨਿਵਾਸੀ ਭੈਣੀ ਮੀਲਵਾ ਅਤੇ ਸਿੰਦਰ ਨਿਵਾਸੀ ਪਿੰਡ ਅਗਵਾਨ ਦੇ ਵਿਰੁੱਧ ਧਾਰਾ 302 ਅਧੀਨ ਕੇਸ ਦਰਜ਼ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੇ ਸਰੀਰ ਤੇ ਤੇਜ਼ ਹਥਿਆਰ ਨਾਲ ਕੀਤੇ ਹਮਲੇ ਦੇ ਨਿਸ਼ਾਨ ਹਨ।
