ਕਤਲ ਮਾਮਲੇ 'ਚ ਗ੍ਰਿਫ਼ਤਾਰ ਗੈਂਗਸਟਰ ਸੁੱਖ ਭਿਖਾਰੀਵਾਲ 'ਤੇ ਗੁਰਦਾਸਪੁਰ 'ਚ ਵੀ ਦਰਜ ਨੇ 10 ਕੇਸ
Friday, Dec 11, 2020 - 10:10 AM (IST)
ਗੁਰਦਾਸਪੁਰ (ਹਰਮਨ): ਪਿਛਲੇ ਲੰਮੇ ਸਮੇਂ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਚ ਰਹੇ ਗੈਂਗਸਟਰ ਸੁੱਖ ਭਿਖਾਰੀਵਾਲ ਦੀ ਡੁੱਬਈ 'ਚ ਹੋਈ ਗ੍ਰਿਫ਼ਤਾਰੀ ਦੇ ਬਾਅਦ ਗੁਰਦਾਸਪੁਰ ਪੁਲਸ ਨੇ ਉਸਨੂੰ ਪੁੱਛਗਿੱਛ ਲਈ ਗੁਰਦਾਸਪੁਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁੱਖ ਭਿਖਾਰੀਵਾਲ ਖ਼ਿਲਾਫ਼ ਪੁਲਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਣਿਆਂ 'ਚ ਦਰਜ 8 ਮਾਮਲਿਆਂ ਸਮੇਤ ਮੁੱਖ ਤੌਰ 'ਤੇ 10 ਮਾਮਲੇ ਦਰਜ ਹਨ, ਜਿਸ ਕਾਰਣ ਪੁਲਸ ਵਲੋਂ ਲੰਮੇ ਸਮੇਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਿਛਲੇ ਸਮੇਂ ਦੌਰਾਨ ਵਾਪਰੀਆਂ ਕਈ ਵੱਡੀਆਂ ਵਾਰਦਾਤਾਂ 'ਚ ਉਸ ਦਾ ਨਾਮ ਆਉਣ ਕਾਰਣ ਪੁਲਸ ਵਲੋਂ ਉਸ ਦੀ ਭਾਲ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਸੀ ਅਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਬੂਰਾ ਅਤੇ ਭਾਅ ਨਾਮ ਦੇ ਦੋ ਨੌਜਵਾਨਾਂ ਕੋਲੋਂ ਕੀਤੀ ਪੁੱਛਗਿੱਛ ਦੇ ਬਾਅਦ ਆਖਿਰਕਾਰ ਸੁੱਖ ਭਿਖਾਰੀਵਾਲ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਹੈ।
ਇਹ ਵੀ ਪੜ੍ਹੋ: ਬਰਨਾਲਾ 'ਚ ਵੱਡੀ ਵਾਰਦਾਤ : ਨੌਜਵਾਨ ਦੇ ਟੋਟੇ-ਟੋਟੇ ਕਰ ਗਟਰ 'ਚ ਸੁੱਟੀ ਲਾਸ਼
ਇਸ ਦੇ ਬਾਅਦ ਹੁਣ ਗੁਰਦਾਸਪੁਰ ਪੁਲਸ ਨੇ ਸੁੱਖ ਭਿਖਾਰੀਵਾਲ ਨੂੰ ਗੁਰਦਾਸਪੁਰ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸੁੱਖ ਭਿਖਾਰੀਵਾਲ ਖ਼ਿਲਾਫ਼ ਪੁਲਸ ਜ਼ਿਲਾ ਗੁਰਦਾਸਪੁਰ 'ਚ ਤਿੱਬੜ, ਪੁਰਾਣਾ ਸ਼ਾਲਾ ਅਤੇ ਸਿਟੀ ਥਾਣੇ ਸਮੇਤ ਵੱਖ-ਵੱਖ ਥਾਣਿਆਂ ਵਿਚ 8 ਪਰਚੇ ਦਰਜ ਹਨ ਜਦੋਂ ਕਿ 2 ਪਰਚੇ ਬਾਹਰਲੇ ਜ਼ਿਲਿਆਂ ਵਿਚ ਦਰਜ ਸਨ। ਸੁੱਖ ਭਿਖਾਰੀਵਾਲ, ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਸੀ, ਜਿਸ ਦਾ ਨਾਮ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਪਿੰਡ ਔਜਲਾ ਨੇੜੇ 'ਸੂਬੇਦਾਰ' ਅਤੇ ਉਸ ਦੇ ਸਾਥੀਆਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਵਿਚ ਜੁੜਿਆ ਸੀ। ਸੁੱਖਮੀਤਪਾਲ ਉਰਫ ਸੁੱਖ ਭਿਖਾਰੀਵਾਲ ਦਾ ਮੁੱਖ ਸਾਥੀ ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਅਤੇ ਦੂਸਰਾ ਸਾਥੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਅਕਾਲੀ ਦਲ ਦੀ ਕੇਂਦਰ ਨੂੰ ਚਿਤਾਵਨੀ, ਕਾਂਗਰਸ ਦੀਆਂ 'ਪਾੜੋ ਤੇ ਰਾਜ ਕਰੋ' ਵਾਲੀਆਂ ਬੱਜਰ ਗਲਤੀਆਂ ਨਾ ਦੁਹਰਾਓ'
ਇਸ ਮਾਮਲੇ 'ਚ ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਸੁੱਖ ਭਿਖਾਰੀਵਾਲ ਖਿਲਾਫ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹਨ, ਜਿਸ ਕਾਰਣ ਹੁਣ ਉਸਨੂੰ ਭਾਰਤ ਵਿਚ ਲਿਆਂਦੇ ਜਾਣ ਦੇ ਬਾਅਦ ਗੁਰਦਾਸਪੁਰ ਜ਼ਿਲੇ ਅੰਦਰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਦੀ ਜਾਂਚ ਅਤੇ ਕਾਰਵਾਈ ਸਿਰਫ ਸੁੱਖ ਭਿਖਾਰੀਵਾਲ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਸ ਦੇ ਫੇਸਬੁੱਕ ਪੇਜ ਅਤੇ ਸੋਸ਼ਲ ਮੀਡੀਏ ਸਮੇਤ ਹੋਰ ਮਾਧਿਅਮਾਂ ਰਾਹੀਂ ਉਸ ਨਾਲ ਸੰਪਰਕ ਰੱਖਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਤੈਅ ਤੱਕ ਜਾ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਗੁਰਦਾਸਪੁਰ ਵਿਚ ਸ਼ਿਵ ਸੈਨਾ ਆਗੂ ਹਨੀ ਮਹਾਜਨ ਸਮੇਤ ਹੋਰ ਮਾਮਲਿਆਂ ਵਿਚ ਵੀ ਉਸ ਕੋਲੋਂ ਪੁੱਛਗਿਛ ਕੀਤੀ ਜਾਵੇਗੀ।