ਗੁਰਦਾਸਪੁਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਹੋਈ ਹਮਲਾਵਰ, ਕੈਪਟਨ, ਸਿੱਧੂ ਤੇ ਜਾਖੜ ਨੇ ਲੰਮੇ ਹੱਥੀ ਲਏ ਵਿਰੋਧੀ

09/22/2017 7:45:52 PM

ਗੁਰਦਾਸਪੁਰ — ਗੁਰਦਾਸਪੁਰ ਉਪ ਚੋਣ ਨੂੰ ਲੈ ਕੇ ਕਾਂਗਰਸ ਵਲੋਂ ਗੁਰਦਾਸਪੁਰ 'ਚ ਕੀਤੀ ਗਈ ਰੈਲੀ ਤੋਂ ਪਹਿਲਾਂ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ । ਇਸ ਤੋਂ ਬਾਅਦ ਜਾਖੜ ਦੇ ਪੱਖ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜਿੱਤਣ ਦਾ ਭਰੋਸਾ ਜਤਾਇਆ। ਇਸ ਤੋਂ ਬਾਅਦ ਰੈਲੀ ਦੇ ਸਟੇਜ 'ਤੇ ਜੋਸ਼ ਦਿਖਾਉਂਦੇ ਹੋਏ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਅਕਾਲੀਆਂ ਤੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਜਿਥੇ ਇਕ ਪਾਸੇ ਉਨ੍ਹਾਂ ਅਕਾਲੀ ਦਲ ਵਲੋਂ ਸੱਤਾ 'ਤੇ ਕੀਤੇ 10 ਸਾਲਾ ਦੇ ਰਾਜ 'ਚ ਪੰਜਾਬ ਦੀ ਜਨਤਾ ਦੀ ਕੀਤੀ ਲੁੱਟ ਨੂੰ ਜਗ ਜਾਹਿਰ ਕੀਤਾ ਉਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈਦਿਆਂ ਕਈ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ 'ਆਪ' ਦੇ ਕਨਵੀਨਰ ਕੇਜਰੀਵਾਲ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ 'ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਹੁਣ ਵੇਖ ਚੋਣਾਂ ਤੋਂ ਬਾਅਦ ਤੇਰਾ ਕੀ ਹੈ ਹਾਲ'। 
ਇਸ ਮੌਕੇ ਸੁਨੀਲ ਜਾਖੜ ਨੇ ਗੁਰਦਾਸਪੁਰ ਦੀ ਜਨਤਾ ਨੂੰ ਕਾਂਗਰਸ ਸਰਕਾਰ ਵਲੋਂ 6 ਮਹੀਨੇ 'ਚ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦਾਸਪੁਰ ਦੀ ਚੋਣ 2019 'ਚ ਹੋਣ ਵਾਲੀਆਂ ਚੋਣਾਂ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਇਸ ਨਾਲ ਹੀ 2019 'ਚ ਹੋਣ ਵਾਲੀਆਂ ਚੋਣਾਂ 'ਚ ਜੇਤੂ ਰਹਿਣ ਵਾਲੀ ਪਾਰਟੀ ਦਾ ਕੀਤੇ ਨਾ ਕੀਤੇ ਭਵਿੱਖ ਜੁੜਿਆ ਹੋਇਆ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਦੇ ਲੋਕ ਉਨ੍ਹਾਂ ਨੂੰ ਇਕ ਵਿਧਾਇਕ ਦੇ ਤੌਰ 'ਤੇ ਨਹੀਂ ਸਗੋਂ ਜਨਤਾ ਦੀ ਆਵਾਜ਼ ਭਾਵ ਜਨਤਾ ਦੀਆਂ ਮੁਸ਼ਕਲਾਂ ਨੂੰ ਪਾਰਲੀਮੈਂਟ 'ਚ ਪਹੁੰਚਾਉਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਵਾਲਾ ਸੇਵਕ ਸਮਝ ਕੇ ਜਿੱਤ ਦਵਾਉਣ। ਇਸ ਦੇ ਨਾਲ ਹੀ ਜਾਖੜ ਨੇ ਅਕਾਲੀ ਦਲ 'ਤੇ ਜੰਮ ਕੇ ਹੱਲਾ ਬੋਲਿਆ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕਾਂਗਰਸ ਦੇ 6 ਮਹੀਨੇ ਦੇ ਕਾਰਜਕਾਲ 'ਚ ਉਨ੍ਹਾਂ ਕੰਮਾਂ ਦਾ ਹੱਲ ਚਾਹੁੰਦੇ ਹਨ, ਜਿਨ੍ਹਾਂ ਕੰਮਾਂ ਨੂੰ ਉਹ ਖੁੱਦ ਪੰਜਾਬ ਦੀ ਸੱਤਾ 'ਚ 10 ਸਾਲ ਰਾਜ ਕਰਨ 'ਤੇ ਵੀ ਨਹੀਂ ਕਰ ਸਕੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਸੁਖਬੀਰ ਬਾਦਲ ਚਾਹੁੰਦੇ ਤਾਂ ਉਹ ਵੀ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕਦੇ ਸਨ ਪਰ ਉਨ੍ਹਾਂ ਅਜਿਹਾ ਕਰਨ ਦੀ ਬਜਾਇ ਹਰੀਕੇ ਪੱਤਣ 'ਚ ਪਾਣੀ ਵਾਲੀ ਬੱਸ ਨੂੰ ਚਲਾਉਣਾ ਜ਼ਿਆਦਾ ਜ਼ਰੂਰੀ ਸਮਝਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। 
ਇਸ ਮੌਕੇ ਗੁਰਦਾਸਪੁਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਦੇ ਸਵਾਲਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਜੇਕਰ ਅੱਜ ਕਰਜ਼ 'ਚ ਬੁਰੀ ਤਰ੍ਹਾਂ ਡੁੱਬਿਆ ਹੋਇਆ ਹੈ ਤਾਂ ਉਹ ਕਾਂਗਰਸ ਸਰਕਾਰ ਦੀ ਵਜ੍ਹਾ ਨਾਲ ਨਹੀਂ ਸਗੋਂ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਹੀ ਹੋਇਆ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਚੋਣਾਂ ਸਮੇਂ ਕੀਤੇ ਆਪਣੇ ਸਾਰੇ ਵਾਦਿਆਂ ਨੂੰ ਜਲਦ ਪੂਰਾ ਕਰੇਗੀ। ਉਨ੍ਹਾਂ ਕਿਸਾਨਾਂ ਦੇ ਕਰਜ਼ੇ ਬਾਰੇ ਗੱਲ ਕਰਦਿਆਂ ਸਪੱਸ਼ਟ ਕਿਹਾ ਕਿ ਪੰਜਾਬ 'ਚ ਤਕਰੀਬਨ 17 ਲੱਖ ਦੇ ਕਰੀਬ ਕਿਸਾਨ ਹਨ, ਜਿਨ੍ਹਾਂ 'ਚੋਂ 10 ਲੱਖ 25 ਹਜ਼ਾਰ ਕਿਸਾਨਾਂ ਦਾ 2 - 2 ਲੱਖ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਡੀ ਮੁਸ਼ਕਲ ਬੇਰੁਜ਼ਗਾਰੀ ਹੈ, ਜਿਸ ਲਈ ਸਾਰੇ ਹਿੰਦੂਸਤਾਨ ਦੇ ਵੱਡੇ-ਵੱਡੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹ ਜਲਦ ਇਥੇ ਆਪਣੇ ਕੰਮ ਸ਼ੁਰੂ ਕਰਨਗੇ। ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ 'ਚੋਂ ਕੱਢਿਆ ਜਾਵੇਗਾ। ਇਸ ਦੇ ਲਈ ਬਕਾਇਦਾ ਨੌਕਰੀ ਮੇਲੇ ਲਗਵਾਏ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਸਾਲ 'ਚ 2 ਵਾਰ ਰੋਜ਼ਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਪੰਜਾਬ 'ਚ ਬੇਰੁਜ਼ਗਾਰੀ ਖਤਮ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਆਗੂ ਸਵਰਣ ਸਲਾਰੀਆ 'ਤੇ ਤਿੱਖੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਸਲਾਰੀਆ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਕੋਲੋਂ ਗੁਰਦਾਸਪੁਰ ਸੀਟ ਲਈ ਟਿਕਟ ਮੰਗਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਿਰਫ ਪੈਸੇ ਬਨਾਉਣ ਲਈ ਵੋਟਾਂ ਜਿੱਤਣਾ ਚਾਹੁੰਦੀ ਹੈ, ਲੋਕਾਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਕੋਈ ਮਕਸਦ ਨਹੀਂ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਕੈਬਨਿਟ ਮੰਤਰੀ ਬਿਕਰਮਜੀਤ ਮਜੀਠੀਆ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇਹ ਲੋਕ ਚਿੱਟੇ ਦੇ ਵਪਾਰੀ ਹਨ ਤੇ ਪੰਜਾਬ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਦੀਆਂ ਲੀਹਾਂ 'ਤੇ ਲੈ ਜਾਣ 'ਚ ਇਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਕੈਪਟਨ ਅਮਰਿੰਦਰ ਸਿੰਘ ਨੇ ਗੁਰਦਸਾਪੁਰ ਦੇ ਲੋਕਾਂ ਨੂੰ ਪੰਜਾਬ ਦੇ ਚੰਗੇ ਭਵਿੱਖ ਲਈ ਸੁਨੀਲ ਜਾਖੜ ਨੂੰ ਆਪਣਾ ਉਮੀਦਵਾਰ ਚੁਣਨ ਦੀ ਅਪੀਲ ਵੀ ਕੀਤੀ।


Related News