ਦੋਸ਼ੀਅਾਂ ਦੀ ਗ੍ਰਿਫਤਾਰੀ ਲਈ ਲਾਸ਼ ਚੌਕ ’ਚ ਰੱਖ ਕੇ ਦਿੱਤਾ ਧਰਨਾ

Friday, Nov 09, 2018 - 05:51 PM (IST)

ਗੁਰਦਾਸਪੁਰ (ਵਿਨੋਦ) : 2 ਨਵੰਬਰ ਨੂੰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਅਧੀਨ ਪਿੰਡ ਜੌਡ਼ਾ ਛੱਤਰਾਂ ’ਚ ਹੋਏ ਝਗਡ਼ੇ ਵਿਚ ਜੋ ਦੋ ਨੌਜਵਾਨ ਜ਼ਖਮੀ ਹੋ ਗਏ ਸੀ ਵਿਚੋਂ ਇਕ ਦੀ ਅੰਮ੍ਰਿਤਸਰ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਲਾਸ਼ ਬੱਬਰੀ ਬਾਈਪਾਸ ’ਤੇ ਰੱਖ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਸੂਚਨਾ ਮਿਲਦਿਅਾਂ ਹੀ ਡੀ.ਐੱਸ.ਪੀ. ਦੇਵਦੱਤ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਅਾਂ ਨਾਲ ਗੱਲਬਾਤ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕੀਤਾ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਲਾਸ਼ ਹਸਪਤਾਲ ਭੇਜ ਦਿੱਤੀ। ਮ੍ਰਿਤਕ ਅਸ਼ੋਕ ਕੁਮਾਰ ਪੁੱਤਰ ਖਾਨੂ ਰਾਮ ਨਿਵਾਸੀ ਪਿੰਡ ਜੌਡ਼ਾ ਛੱਤਰਾਂ ਦੇ ਭਰਾ ਬਲਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਨਵੰਬਰ ਨੂੰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਪਿੰਡ ਜੌਡ਼ਾ ਛੱਤਰਾਂ ਵਿਚ ਬਾਬਾ ਭੂਰੇ ਸ਼ਾਹ ਦੀ ਮਜ਼ਾਰ ’ਤੇ ਮੇਲਾ ਸੀ। ਸ਼ਾਮ ਨੂੰ ਮੇਲਾ ਵੇਖ ਕੇ ਉਹ ਆਪਣੇ ਭਰਾ ਅਸ਼ੋਕ ਕੁਮਾਰ ਅਤੇ ਭਾਣਜਾ ਸੁਰੇਸ ਕੁਮਾਰ ਪੁੱਤਰ ਜੀਤ ਰਾਮ ਨਿਵਾਸੀ ਜੌਡ਼ਾ ਛੱਤਰਾਂ ਦੇ ਨਾਲ ਮੇਲਾ ਵੇਖ ਕੇ ਵਾਪਸ ਘਰ ਜਾਣ ਲੱਗੇ ਤਾਂ ਮੁੱਖ ਸਡ਼ਕ ’ਤੇ ਦੋਸ਼ੀ ਅਵਤਾਰ ਸਿੰਘ, ਸੁੱਖ, ਨਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਪਿੰਡ ਜੌਡ਼ਾ ਛੱਤਰਾਂ, ਮਨਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਤੇ ਵਿਕਰਮ ਜੀਤ ਸਿੰਘ ਨਿਵਾਸੀ ਪੀਰਾਂਬਾਗ ਨੇ ਮੇਰੇ ਭਰਾ ਅਸ਼ੋਕ ਕੁਮਾਰ ਅਤੇ ਭਾਣਜੇ ਸੁਰੇਸ ਕੁਮਾਰ ਨੂੰ ਰੋਕ ਕੇ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਤੇ ਦੋਵਾਂ ਨੂੰ ਗੁਰਦਾਸਪੁਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਦਕਿ ਅਸ਼ੋਕ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਸੀ ਅਤੇ ਸੁਰੇਸ ਕੁਮਾਰ ਦਾ ਗੁਰਦਾਸਪੁਰ ਤੋਂ ਹੀ ਇਲਾਜ ਚਲ ਰਿਹਾ ਸੀ। ਇਸ ਸਬੰਧੀ ਪੁਲਸ ਨੇ ਉਦੋਂ ਸਾਧਾਰਨ ਧਾਰਾਵਾਂ ਦੇ ਅਧੀਨ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਅਸ਼ੋਕ ਕੁਮਾਰ ਦੀ ਅੰਮ੍ਰਿਤਸਰ ਹਸਪਤਾਲ ਵਿਚ ਮੌਤ ਹੋ ਗਈ।  ਦੋਸ਼ੀਆਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ। 
 

ਇਸ ਸਬੰਧੀ ਮੌਕੇ ਤੇ ਧਰਨਾ ਦੇਣ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ ਦੇਵਦੱਤ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਰੇ ਦੋਸ਼ੀਆਂ ਦੇ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।  ਜਿਸ ’ਤੇ ਧਰਨਾ ਦੇਣ ਵਾਲਿਆਂ ਨੇ ਧਰਨਾ ਖਤਮ ਕੀਤਾ ਅਤੇ ਆਵਾਜਾਈ ਨੂੰ ਬਹਾਲ ਕੀਤਾ। 


Baljeet Kaur

Content Editor

Related News