ਕਲਾਨੌਰ ਦੇ ਬਾਬਾ ਕਾਰ ਸਟੇਡੀਅਮ 'ਚ ਨੌਜਵਾਨਾਂ ਨੇ ਬਣਾਇਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ

07/22/2019 12:06:33 PM

ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਦੇ ਛੋਟੇ ਕਸਬੇ ਕਲਾਨੌਰ ਦਾ ਬਾਬਾ ਕਾਰ ਸਟੇਡੀਅਮ, ਪਿਛਲੇ ਸਾਲ ਤੱਕ ਪਾਣੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਬਰਸਾਤ ਦੇ ਦਿਨਾਂ 'ਚ ਸਟੇਡੀਅਮ ਤਲਾਬ ਦਾ ਰੂਪ ਧਾਰਨ ਕਰ ਜਾਂਦਾ ਸੀ ਪਰ ਇਸ ਨਾਲ ਬਰਸਾਤ ਦੇ ਦਿਨਾਂ 'ਚ ਵੀ ਖੇਡਾਂ 'ਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ 'ਚ ਬਿਨਾਂ ਰੁਕਾਵਟ ਖੇਡ ਰਹੇ ਹਨ। ਇਹੀ ਨਹੀਂ ਪੂਰੇ ਦਾ ਪੂਰਾ ਬਰਸਾਤੀ ਪਾਣੀ ਬਿਲਕੁਲ ਸਾਫ ਹੋ ਕੇ ਜ਼ਮੀਨ ਦੇ ਹੇਠਾਂ ਪਹੁੰਚ ਰਿਹਾ ਹੈ। ਇਹ ਸਰਕਾਰੀ ਦੀ ਸਟੇਡੀਅਮ ਦੇ ਲਈ ਬਣਾਈ ਗਈ ਕਿਸੇ ਯੋਜਨਾ ਕਾਰਣ ਸੰਭਵ ਨਹੀਂ ਹੋਇਆ ਬਲਕਿ ਪਿੰਡ ਦੇ ਨੌਜਵਾਨਾਂ ਦੇ ਯਤਨਾਂ ਤੇ ਕੁਝ ਐੱਨ.ਆਰ.ਆਈਜ਼ ਦੇ ਸਹਿਯੋਗ ਸਦਕਾ ਹੋ ਰਿਹਾ ਹੈ। 

ਕਿਸ ਤਰ੍ਹਾਂ ਹੋਈ ਸ਼ੁਰੂਆਤ 
ਦਰਅਸਲ, ਮਹਿਕਪ੍ਰੀਤ ਸਿੰਘ ਬਾਜਵਾ, ਜੋ ਮਰਚੈਂਟ ਨੇਵੀ 'ਚ ਹਨ, ਨੂੰ ਸੋਸ਼ਲ ਮੀਡੀਆ 'ਤੇ ਮੁਕਤਸਰ ਦੇ ਕੁਲਦੀਪ ਸਿੰਘ ਧਾਰੀਵਾਲ ਦੇ ਬਾਰੇ 'ਚ ਪਤਾ ਲੱਗਾ, ਜਿਨ੍ਹਾਂ ਨੇ ਬਰਸਾਤੀ ਪਾਣੀ ਨੂੰ ਬਚਾਉਣ ਦੇ ਲਈ ਇਕ ਪ੍ਰਾਜੈਕਟ ਤਿਆਰ ਕੀਤਾ ਸੀ ਤੇ ਉਨ੍ਹਾਂ ਇਸ ਬਾਰੇ ਆਪਣੇ ਪਿੰਡ ਦੇ ਚੰਚਲ ਕੁਮਾਰ ਅਗਰਵਾਲ ਨਾਲ ਗੱਲਬਾਤ ਕੀਤੀ। ਚੰਚਲ ਧਾਰੀਵਾਲ ਨੂੰ ਫੋਨ 'ਚੇ ਗੱਲ ਕਰਕੇ ਸਾਰੇ ਪ੍ਰਾਜੈਕਟ ਬਾਰੇ ਜਾਣਕਾਰੀ ਕੀਤੀ ਪਰ ਉਨ੍ਹਾਂ ਦੀ ਸਮੱਸਿਆ ਧਾਰੀਵਾਲ ਦੇ ਪ੍ਰਾਜੈਕਟ ਨਾਲ ਹੱਲ ਹੋਣ ਵਾਲੀ ਨਹੀਂ ਸੀ ਕਿਉਂਕਿ ਧਾਰੀਵਾਲ ਦਾ ਪ੍ਰਾਜੈਕਟ ਬਿਲਕੁੱਲ ਛੋਟਾ ਜਿਹਾ ਸੀ, ਫਿਰ ਵੀ ਉਨ੍ਹਾਂ ਨੂੰ ਇਕ ਆਈਡੀਆ ਮਿਲ ਗਿਆ ਸੀ। ਠੇਕੇਦਾਰ ਬਲਵਿੰਦਰ ਸਿੰਘ ਕਾਲਾ ਤੇ ਪਲੰਬਰ ਵੀਰ ਜਾਰਜ ਨਾਲ ਸਲਾਹ ਮਸ਼ਵਰਾ ਕਰਕੇ ਚੰਚਲ ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 
PunjabKesari
ਕੀ-ਕੀ ਕਰਨਾ ਪਿਆ
ਸਭ ਤੋਂ ਪਹਿਲਾਂ ਜੇ.ਸੀ.ਬੀ. ਦੀ ਸਹਾਇਤਾ ਨਾਲ ਸਟੇਡੀਅਮ 'ਚ 13 ਫੁੱਟ ਡੂੰਘੇ ਤੇ ਢਾਈ ਫੁੱਟ ਚੌੜੇ 3 ਟੋਏ ਪੁੱਟੇ ਗਏ। ਬਰਸਾਤੀ ਪਾਣੀ ਕੱਢਣ ਲਈ ਸਟੇਡੀਅਮ ਦੇ ਹੇਠਲੇ ਲੇਵਲ ਤੋਂ ਪਾਈਪਾਂ ਦੋਵੇਂ ਟੋਇਆਂ ਤੱਕ ਪਹੁੰਚਾਈਆਂ ਗਈਆਂ। ਤੀਸਰੇ ਟੋਏ 'ਚ 50 ਫੁੱਟ ਡੂੰਘਾ ਟਿਊਬਵੈੱਲ ਵਾਲਾ ਬੋਰ ਪੁੱਟ ਕੇ ਉਲ 'ਚ 6 ਇੰਚ ਦਾ ਪਾਈਪ ਪਾਇਆ ਗਿਆ। ਬੋਰ 'ਚ 20 ਫੁੱਟ ਤੱਕ ਇਕ ਫਿਲਟਰ ਪਾਇਆ ਗਿਆ ਜਦੋਂਕਿ ਇਕ ਹੋਰ ਫਿਲਟਰ ਤੀਸਰੇ ਟੋਏ 'ਚ 5 ਫੁੱਟ ਦੀ ਡੂੰਘਾਈ 'ਚ ਪਾਇਆ ਗਿਆ। ਇਸ ਤੋਂ ਇਲਾਵਾ ਇਸ ਟੋਏ 'ਚ ਗੁਟਕਾ, ਰੇਤ, ਕੋਲੇ, ਬੱਜਰੀ, ਪ੍ਰੀਮਿਕਸ ਦੀਆਂ 5 ਮੋਟੀਆਂ ਪਰਤਾਂ ਵੀ ਪਾਈਆਂ ਗਈਆਂ ਤਾਂ ਕਿ ਬੋਰ ਦੀ ਪਾਈਪ 'ਚ ਮਿੱਟੀ ਤੇ ਹੋਰ ਕਣ ਨਾ ਜਾ ਸਕਣ। 
PunjabKesari
ਕਿਵੇਂ ਕੰਮ ਕਰੇਗਾ ਇਹ ਪ੍ਰਾਜੈਕਟ 
ਮੀਂਹ ਦੌਰਾਨ ਸਟੇਡੀਅਮ 'ਚ ਇਕੱਠਾ ਪਾਣੀ ਪਾਈਪਾਂ ਦੀ ਸਹਾਇਤਾ ਨਾਲ ਸਟੇਡੀਅਮ 'ਚ ਬਣਾਏ ਗਏ ਦੋ ਟੋਇਆਂ 'ਚ ਇਕੱਠਾ ਹੋਵੇਗਾ। ਇਨ੍ਹਾਂ ਟੋਇਆਂ 'ਚ ਪਾਈਆਂ ਗਈਆਂ ਪਾਈਪਾਂ ਦੀ ਸਹਾਇਤਾ ਨਾਲ ਪਾਣੀ ਹੌਲੀ-ਹੌਲੀ ਕਰਕੇ ਤੀਜੇ ਟੋਏ 'ਚ ਕੱਢੇ ਗਏ 50 ਫੁੱਟ ਡੂੰਘੇ ਬੋਰ ਦੀ ਪਾਈਪ ਤੋਂ ਹੁੰਦਾ ਹੋਇਆ ਜ਼ਮੀਨ ਦੀ ਹੇਠਲੀ ਤਹਿ 'ਚ ਸਮਾ ਜਾਵੇਗਾ। ਤੀਜੇ ਟੋਏ 'ਚ ਜ਼ਮੀਨ ਦੇ ਬਾਹਰ ਖਾਲੀ ਛੱਡੀਆਂ ਗਈਆਂ 6 ਫੁੱਟ ਉੱਚੀਆਂ 2 ਮੋਟੀਆਂ ਪਈਪਾਂ 'ਚ ਹਵਾ ਕਾਰਣ ਬਣਿਆ ਪ੍ਰੈਸ਼ਰ ਪਾਣੀ ਨੂੰ ਤੇਜ਼ੀ ਨਾਲ ਜ਼ਮੀਨ 'ਚ ਜਾਣ ਵਿਚ ਮਦਦ ਕਰੇਗਾ। ਹਾਲ ਹੀ 'ਚ ਪਏ 2 ਮੀਂਹਾ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਾਜੈਕਟ ਬਿਲਕੁੱਲ ਸਫਲ ਹੋਇਆ ਹੈ। ਸਟੇਡੀਅਮ 'ਚ ਭਾਰੀ ਮੀਂਹ ਦੇ ਬਾਵਜੂਦ ਜ਼ਰਾ ਵੀ ਪਾਣੀ ਨਹੀਂ ਰੁਕਿਆ, ਸਾਰੇ ਦਾ ਸਾਰਾ ਬਰਸਾਤੀ ਪਾਣੀ ਇਸ ਹਾਰਵੈਸਟਿੰਗ ਸਿਸਟਮ ਕਾਰਨ ਜ਼ਮੀਨ 'ਚ ਸਮਾ ਗਿਆ। 
PunjabKesari
ਕਿਸ-ਕਿਸ ਦਾ ਸਹਿਯੋਗ ਮਿਲਿਆ
ਚੰਚਲ ਕੁਮਾਰ ਅਗਰਵਾਲ ਅਨੁਸਾਰ ਇਸ ਪ੍ਰਾਜੈਕਟ 'ਚ ਸਿਵਾਏ ਬੀ.ਡੀ.ਓ. ਤੋਂ ਇਜਾਜ਼ਤ ਲੈਣ ਦੇ ਕੋਈ ਵੀ ਸਰਕਾਰੀ ਸਹਾਇਤਾ ਉਸ ਨੂੰ ਨਹੀਂ ਮਿਲੀ। 60 ਹਜ਼ਾਰ ਲਾਗਤ ਵਾਲੇ ਇਸ ਪ੍ਰਾਜੈਕਟ 'ਚ ਪਿੰਡ ਦੇ ਕੁਝ ਐੱਨ.ਆਰ.ਆਈ. ਤੇ ਹੋਰ ਸਹਿਯੋਗੀਆਂ ਨੇ ਮਦਦ ਕੀਤੀ। ਕੈਪਟਨ ਅਮਰਿੰਦਰ ਸਿੰਘ ਕਾਹਲੋਂ, ਹਰਮਨ ਗੁਰਾਇਆ, ਸੋਨੂੰ ਹੰਜਰਾ, ਕਰਮਜੀਤ ਕਾਹਲੋਂ, ਰਾਣਾ ਤੇ ਗੁਰਪ੍ਰੀਤ ਸਿੰਘ ਸਾਈਪ੍ਰਸ ਆਦਿ ਦੇ ਸਾਹਿਯੋਗ ਨਾਲ ਪ੍ਰਾਜੈਕਟ ਪੂਰਾ ਹੋ ਸਕਿਆ ਹੈ ਪਰ ਖਾਸ ਗੱਲ ਇਹ ਹੈ ਕਿ ਪ੍ਰਾਜੈਕਟ ਲਈ ਸਾਰੀ ਦੀ ਸਾਰੀ ਕਾਰਸੇਵਾ ਨੌਜਵਾਨਾਂ ਨੇ ਆਪ ਕੀਤੀ। ਅਗਰਵਾਲ ਅਨੁਸਾਰ ਸਰਕਾਰ ਬਰਸਾਤੀ ਪਾਣੀ ਨੂੰ ਬਚਾਉਣ ਦੀ ਮੁਹਿੰਮ ਚਲਾਉਣ ਦੇ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਜੇਕਰ ਅਜਿਹੇ ਪ੍ਰਾਜੈਕਟਾਂ ਵੱਲ ਜ਼ਰਾ ਵੀ ਧਿਆਨ ਦਿੱਤਾ ਜਾਵੇਗਾ ਤਾਂ ਨਤੀਜੇ ਕੁਝ ਵੱਖਰੇ ਹੀ ਹੋਣਗੇ।
 


Baljeet Kaur

Content Editor

Related News