ਗੁਰਦਾਸਪੁਰ ਜ਼ਿਲ੍ਹੇ ਦੇ ਅੰਮ੍ਰਿਤਸਰ-ਪਠਾਨਕੋਟ ਜੰਮੂ ਮੁੱਖ ਰੇਲ ਮਾਰਗ ’ਤੇ ਰੇਲ ਰੋਕੋ ਅੰਦੋਲਨ ਜਾਰੀ
Monday, Oct 18, 2021 - 02:13 PM (IST)
ਗੁਰਦਾਸਪੁਰ (ਹਰਮਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਅੰਮ੍ਰਿਤਸਰ ਪਠਾਨਕੋਟ ਜੰਮੂ ਮੁੱਖ ਰੇਲ ਮਾਰਗ ਗੁਰਦਾਸਪੁਰ ਅਤੇ ਬਟਾਲਾ ਵਿਖੇ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸ ਅੰਦੋਲਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ, ਰਣਬੀਰ ਸਿੰਘ ਡੁੱਗਰੀ, ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ’ਤੇ ਰਾਜਨੀਤੀ ਕਰ ਰਹੀ ਹੈ। ਜਿਹੜੀ ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ, ਉਸ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਲਖੀਮਪੁਰ ਕਤਲ ਕਾਂਡ ਦੀ ਘਟਨਾ ਦੇ 120ਬੀ ਕੇਸ ਵਿਚ ਦੋਸ਼ੀ ਹੈ। ਉਸ ਉੱਤੇ ਨਾ ਹੀ ਕਰਵਾਈ ਹੋ ਰਹੀ ਹੈ ਅਤੇ ਨਾ ਹੀ ਮੰਤਰੀ ਮੰਡਲ ਤੋਂ ਅਸਤੀਫਾ ਲਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
ਉਨ੍ਹਾਂ ਨੇ ਕਿਹਾ ਕਿ ਉਲਟਾ ਉਹ ਗਵਾਹਾਂ ਉੱਤੇ ਦਬਾਅ ਬਣਾ ਰਹੇ ਹਨ ਕਿ ਬਿਆਨ ਦਰਜ ਨਾ ਕਰਵਾਉਣ ਤਾਂ ਜੋ ਕੇਂਦਰੀ ਮੰਤਰੀ ਨੂੰ ਬਚਾਇਆ ਜਾ ਸਕੇ। ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ, ਜਿਸ ਨੂੰ ਅਨਾਜ ਸਮੇਤ ਦੇਸ਼ ਦੇ ਜਨਤਕ ਸਾਧਨਾਂ ਉੱਤੇ ਅੰਬਾਨੀ, ਅਡਾਨੀ ਦਾ ਕਬਜ਼ਾ ਹੋਣ ਨਾਲ ਮਹਿੰਗਾਈ ਸਿਖਰਾਂ ’ਤੇ ਪਹੁੰਚ ਜਾਵੇਗੀ। ਜਿਵੇਂ ਪਿਛਲੇ ਦੋ ਹਫ਼ਤਿਆਂ ਵਿੱਚ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ, ਕਿਉਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੇਠ ਹੈ। ਰਸੋਈ ਵਿੱਚ ਵਰਤੋਂ ਦੀਆਂ ਵਸਤਾਂ ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਦੇ ਅਡਾਨੀ ਨੇ ਪਹਿਲਾਂ ਹਿਮਾਚਲ ਦੇ ਸੇਬ ਨੂੰ ਲੁੱਟਿਆ ਹੈ ਅਤੇ ਹੁਣ ਦੇਸ਼ ਦੇ ਖੇਤੀ ਸੈਕਟਰ ਉੱਤੇ ਕਬਜ਼ਾ ਕਰਕੇ ਲੁੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਖੇਤਰ ਵਿੱਚ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਰਹੇ ਕਿਸਾਨ ਹੁਣ ਗੰਢੇ ਅਤੇ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੱਡੇ ਪੱਧਰ ’ਤੇ ਖ਼ੁਦਕੁਸ਼ੀਆਂ ਕਰ ਰਹੇ ਹਨ। ਦੇਸ਼ ਦੀ ਅਜਿਹੀ ਮੋਦੀ ਹਕੂਮਤ ਨੂੰ ਲੋਕ ਸੱਤਾ ਤੋ ਬਾਹਰ ਦਾ ਰਸਤਾ ਵਿਖਾਉਣਗੇ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਉਣ ਸਮੇਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਕੈਪਟਨ ਸਮਿੰਦਰ ਸਿੰਘ, ਗੁਰਪ੍ਰੀਤ ਨਾਨੋਵਾਲ, ਗੁਰਪ੍ਰਤਾਪ ਸਿੰਘ, ਸੁਖਜਿੰਦਰ ਸਿੰਘ, ਡਾਕਟਰ ਦਲਜੀਤ ਸਿੰਘ, ਚਿਰਮਲ ਸਿੰਘ ਬੱਜੂਮਾਨ, ਪਰਮਵੀਰ ਸਿੰਘ, ਹਰਭਜਨ ਸਿੰਘ ਵੈਰੋਨੰਗਲ ਆਦਿ ਸੰਬੋਧਨ ਕੀਤਾ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)