ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਦੀ ਮੌਤ, 57 ਦੀ ਰਿਪੋਰਟ ਪਾਜ਼ੇਟਿਵ

08/24/2020 12:11:25 AM

ਗੁਰਦਾਸਪੁਰ/ਧਾਰੀਵਾਲ/ਫਤਿਹਗ਼ੜ੍ਹ ਚੂੜੀਆਂ, (ਹਰਮਨ, ਜ. ਬ., ਖੋਸਲਾ, ਬਲਬੀਰ, ਸਰੰਗਲ, ਬਿਕਰਮਜੀਤ)- ਗੁਰਦਾਸਪੁਰ ਜ਼ਿਲੇ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਣ ਅੱਜ 4 ਹੋਰ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ ਹਨ ਜਦੋਂ ਕਿ 57 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਇਸ ਵਾਇਰਸ ਦਾ ਖਤਰਾ ਨਿਰੰਤਰ ਵਧਦਾ ਜਾ ਰਿਹਾ ਹੈ। ਜ਼ਿਲਾ ਗੁਰਦਾਸਪੁਰ ਅੰਦਰ ਹਾਲਾਤ ਇਹ ਬਣੇ ਹੋਏ ਹਨ ਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਇਕ ਵੀ ਦਿਨ ਵੀ ਅਜਿਹਾ ਨਹੀਂ ਨਿਕਲਿਆ, ਜਿਸ ਦਿਨ ਦਰਜਨਾਂ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਨਾ ਆਈਆਂ ਹੋਣ। ਇਸ ਤਹਿਤ ਹੁਣ ਜ਼ਿਲੇ ਅੰਦਰ ਇਸ ਵਾਇਰਸ ਤੋਂ ਪੀੜਤ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 1650 ਤੱਕ ਪਹੁੰਚ ਗਈ ਹੈ ਜਦੋਂ ਕਿ ਵਾਇਰਸ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਦੀ ਗਿਣਤੀ 42 ਤੱਕ ਪਹੁੰਚ ਗਈ ਹੈ।

ਅੱਜ ਜਿਹੜੇ 4 ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਇਕ ਬਟਾਲੇ ਨਾਲ ਸਬੰਧਤ 73 ਸਾਲ ਦਾ ਪ੍ਰਸਿੱਧ ਡਾਕਟਰ ਹੈ ਜੋ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਮਰਨ ਵਾਲਾ ਦੂਸਰਾ ਮਰੀਜ਼ ਨਿਊ ਅਾਬਾਦੀ ਧਾਰੀਵਾਲ ਦਾ 73 ਸਾਲਾਂ ਦਾ ਬਜ਼ੁਰਗ ਸੀ, ਜਿਸ ਦਾ ਅੰਮ੍ਰਿਤਸਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸੇ ਤਰ੍ਹਾਂ ਅੱਜ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਇਕ 49 ਸਾਲ ਦੀ ਔਰਤ ਨੇ ਵੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਦਮ ਤੋੜਿਆ ਹੈ। ਮਰਨ ਵਾਲਾ ਚੌਥਾ ਮਰੀਜ਼ ਬਟਾਲਾ ਨੇੜਲੇ ਪਿੰਡ ਨਾਲ ਸਬੰਧਤ ਹੈ, ਜੋ ਕਰੀਬ 50 ਸਾਲ ਉਮਰ ਦਾ ਹੈ ਅਤੇ ਸ਼ਾਹ ਦੀ ਬੀਮਾਰੀ ਕਾਰਣ ਅੰਮ੍ਰਿਤਸਰ ਵਿਖੇ ਇਲਾਜ ਅਧੀਨ ਸੀ।

1650 ਤੱਕ ਪਹੁੰਚੀ ਕੁੱਲ ਮਰੀਜ਼ਾਂ ਦੀ ਗਿਣਤੀ

ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 57,155 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 54,825 ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ ਹਨ ਅਤੇ 1210 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਹੁਣ ਤੱਕ ਕੁੱਲ 1650 ਵਿਅਕਤੀ ਇਸ ਵਾਇਰਸ ਤੋਂ ਪੀੜਤ ਪਾਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 845 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦੋਂ ਕਿ 307 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ। 365 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀਆਂ ਰਿਪੋਰਟਾਂ ਤਾਂ ਪਾਜ਼ੇਟਿਵ ਹੈ, ਪਰ ਉਨ੍ਹਾਂ ਵਿਚ ਵਾਇਰਸ ਤੋਂ ਪੀੜਤ ਹੋਣ ਦੇ ਲੱਛਣ ਨਾ ਹੋਣ ਕਾਰਣ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲੇ ਅੰਦਰ ਹੁਣ ਤੱਕ 1152 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਮੌਜੂਦਾ ਸਮੇ ’ਚ ਜ਼ਿਲੇ ਅੰਦਰ 456 ਐਕਟਿਵ ਮਰੀਜ਼ ਹਨ।

ਇਸ ਮੌਕੇ ਗੁਰਦਾਸਪੁਰ ਸਿਵਲ ਹਸਪਤਾਲ ’ਚ 4, ਬਟਾਲਾ ’ਚ 8, ਧਾਰੀਵਾਲ ’ਚ 6, ਪਠਾਨਕੋਟ ’ਚ 2, ਮੋਹਾਲੀ ’ਚ 2, ਅੰਮ੍ਰਿਤਸਰ ’ਚ 12, ਲੁਧਿਆਣਾ ’ਚ 5, ਜਲੰਧਰ ’ਚ 5, ਪੀ. ਜੀ. ਆਈ. ਚੰਡੀਗੜ੍ਹ ’ਚ 1 ਅਤੇ ਪਠਾਨਕੋਟ ’ਚ 1 ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੇਂ 44 ਮਰੀਜ਼ਾਂ ਨੂੰ ਸ਼ਿਫਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੇ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾਵੇਗੀ।


Bharat Thapa

Content Editor

Related News