ਚੋਣ ਅਧਿਕਾਰੀਆਂ ਨੂੰ ਮੋਬਾਇਲ ਐਪ ਤੇ ਬੈਲਟ ਪੇਪਰਾਂ ਸਬੰਧੀ ਦਿੱਤੀ ਸਿਖਲਾਈ
Friday, Mar 15, 2019 - 04:20 AM (IST)
ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਲੋਕ ਸਭਾ ਚੋਣਾਂ 2019 ਦੇ ਸਬੰਧ ’ਚ ਸਿਵਲ ਐਪ ਅਤੇ ਬੈਲਟ ਪੇਪਰਾਂ ਦੀ ਸਿਖਲਾਈ ਦੇਣ ਲਈ ਅੱਜ ਪੰਚਾਇਤ ਭਵਨ ਵਿਖੇ ਸਬੰਧਿਤ ਚੋਣ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਮੌਕੇ ਜ਼ਿਲਾ ਮਾਲ ਅਫਸਰ ਅਰਵਿੰਦਰਪਾਲ ਸਿੰਘ ਨੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਤਹਿਸਲੀਦਾਰਾਂ, ਨਾਇਬ ਤਹਿਸੀਲਦਾਰਾਂ, ਮਾਲ ਕਾਨੂੰਗੋਆਂ, ਸੁਪਰਵਾਈਜ਼ਰਾਂ, ਬੀ. ਡੀ. ਪੀ. ਓਜ਼ ਅਤੇ ਸੀ. ਡੀ. ਪੀ. ਓਜ਼ ਨੂੰ ਸਿਖਲਾਈ ਦਿੰਦੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਇਸ ਵਾਰ ਆਮ ਲੋਕ ਚੋਣ ਜ਼ਾਬਤੇ ਦੀ ਨਿਗਰਾਨੀ ਕਰ ਸਕਦੇ ਹਨ। ਇਸ ਲਈ ਚੋਣ ਕਮਿਸ਼ਨ ਵੱਲੋਂ ਸੀ-ਵਿਜਿਲ ਨਾਂਅ ਦੀ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਨਾਗਰਿਕ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਜੇਕਰ ਚਾਹੇ ਤਾਂ ਆਪਣੀ ਪਹਿਚਾਣ ਗੁਪਤ ਵੀ ਰੱਖ ਸਕਦਾ ਹੈ। ਇਸ ਤਰੀਕੇ ਨਾਲ ਪ੍ਰਾਪਤ ਸ਼ਿਕਾਇਤ ’ਤੇ 100 ਮਿੰਟ ’ਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸੀ- ਵਿਜਿਲ ਐਪ ਡਾਊਨਲੋਡ ਕਰਨ ਸਮੇਤ ਵੱਖ-ਵੱਖ ਪਹਿਲੂਆਂ ਤੋਂ ਵਿਸਥਾਰ ’ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪੋਸਟਲ ਬੈਲਟ ਪੇਪਰ ਸਬੰਧੀ ਵੀ ਚੋਣ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 1950 ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿੱਥੇ ਚੋਣਾਂ ਸਬੰਧੀ ਕੋਈ ਵੀ ਜਾਣਕਾਰੀ ਜਾਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਜਸਬੀਰ ਸਿੰਘ, ਚੋਣ ਕਾਨੂੰਗੋ ਮਨਜਿੰਦਰ ਸਿੰਘ ਆਦਿ ਮੌਜੂਦ ਸਨ।