ਪਰਾਲੀ ਨੂੰ ਅੱਗ ਲਗਾਉਣ ਵਾਲੇ 4 ਲੋਕਾਂ ਖਿਲਾਫ ਕੇਸ ਦਰਜ
Wednesday, Nov 06, 2019 - 02:14 PM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਪੁਲਸ ਵਲੋਂ ਪਰਾਲੀ ਸਾੜਨ ਅਤੇ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਕਾਰਵਾਈ ਕਰਨ ਉਪਰੰਤ ਉਕਤ ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਰਾਣਾ ਸ਼ਾਲਾ ਪੁਲਸ 'ਚ ਤਾਇਨਾਤ ਏ.ਐੱਸ.ਆਈ. ਦਲਜੀਤ ਸਿੰਘ ਪੁਲਸ ਪਾਰਟੀ ਨੇ ਮੁਖਬਰ ਦੀ ਸੂਚਨਾ 'ਤੇ ਦੋਸ਼ੀ ਚਰਨਜੀਤ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਗੁਨੋਪੁਰ ਜੋ ਕਿ ਦਾਊਵਾਲ 'ਚ ਠੇਕੇ ਤੇ ਲਈ ਜ਼ਮੀਨ 'ਚ ਪਰਾਲੀ ਨੂੰ ਅੱਗ ਲਗਾ ਰਿਹਾ ਸੀ, ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।
ਇਸੇ ਤਰ੍ਹਾਂ ਏ. ਐੱਸ.ਆਈ. ਗੁਰਨਾਮ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਪਿੰਡ ਮੇਘੀਆ 'ਚ ਆਪਣੀ ਜ਼ਮੀਨ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਹਰਦੀਪ ਸਿੰਘ ਪੁੱਤਰ ਨਿਰਭੈਰ ਸਿੰਘ ਨਿਵਾਸੀ ਪਿੰਡ ਮੇਘੀਆ ਨੂੰ ਗ੍ਰਿਫਤਾਰ ਕੀਤਾ, ਜਿਸ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰਮੇਸ਼ ਕੁਮਾਰ ਖੇਤੀ ਅਧਿਕਾਰੀ ਗੁਰਦਾਸਪੁਰ ਨੇ ਗੁਰਮੁੱਖ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਹੇਮਰਾਜ ਨੂੰ ਆਪਣੇ ਖੇਤਾਂ 'ਚ ਫਸਲ ਦੇ ਨਾੜ ਨੂੰ ਅੱਗ ਲਗਾਉਣ ਦੇ ਦੋਸ਼ 'ਚ ਫੜਿਆ ਹੈ ਅਤੇ ਜਦ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਮੌਕਾ ਦੇਖ ਕੇ ਫਰਾਰ ਹੋ ਗਿਆ। ਇਸੇ ਤਰ੍ਹਾਂ ਦੀਨਾਨਗਰ ਪੁਲਸ ਸਟੇਸ਼ਨ 'ਚ ਤਾਇਨਾਤ ਏ.ਐੱਸ.ਆਈ. ਹੀਰਾ ਸਿੰਘ ਨੇ ਪਿੰਡ ਝਖੜਪਿੰਡੀ ਤੋਂ ਬਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਝਖੜਪਿੰਡੀ ਨੂੰ ਆਪਣੇ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਚਾਰਾ ਦੋਸ਼ੀਆਂ ਦੇ ਵਿਰੁੱਧ ਜ਼ਿਲਾ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਧਾਰਾ 188 ਤਹਿਤ ਮਾਮਲਾ ਦਰਜ਼ ਕਰਕੇ ਜ਼ਮਾਨਤ ਤੇ ਰਿਹਾਅ ਕਰ ਦਿੱਤਾ।