ਅਣਪਛਾਤੇ ਵਿਅਕਤੀਆਂ ਨੇ ਐੱਨ. ਆਰ. ਆਈ. ਨੂੰ ਮਾਰੀ ਗੋਲੀ, ਹਾਲਤ ਗੰਭੀਰ

Tuesday, Jan 29, 2019 - 10:10 AM (IST)

ਅਣਪਛਾਤੇ ਵਿਅਕਤੀਆਂ ਨੇ ਐੱਨ. ਆਰ. ਆਈ. ਨੂੰ ਮਾਰੀ ਗੋਲੀ, ਹਾਲਤ ਗੰਭੀਰ

ਗੁਰਦਾਸਪੁਰ (ਹਰਮਨਪ੍ਰੀਤ) - ਬੇਟ ਇਲਾਕੇ ਨਾਲ ਸਬੰਧਤ ਪੁਲਸ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਕਿਸ਼ਨਪੁਰ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਐੱਨ. ਆਰ. ਆਈ. ਦੇ ਘਰ ਅੰਦਰ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਐੱਨ. ਆਰ. ਆਈ. ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਸ ਹਮਲਾਵਰਾਂ ਦੀ ਪਛਾਣ ਨਹੀਂ ਕਰ ਸਕੀ। ਜਾਣਕਾਰੀ ਅਨੁਸਾਰ ਕਿਸ਼ਨਪੁਰ ਦਾ ਕੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ ਕੁਝ ਹੀ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ।ਐਤਵਾਰ ਰਾਤ ਨੂੰ ਕਰੀਬ 10 ਵਜੇ ਕੁਲਵਿੰਦਰ ਸਿੰਘ ਨੇ ਇਕ ਫੋਨ ਆਉਣ 'ਤੇ ਜਦੋਂ ਘਰ ਦਾ ਗੇਟ ਖੋਲ੍ਹ ਕੇ ਬਾਹਰ ਖੜ੍ਹੇ ਵਿਅਕਤੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਅਣਪਛਾਤੇ ਵਿਅਕਤੀਆਂ 'ਤੇ ਸ਼ੱਕ ਪੈਣ 'ਤੇ ਉਸ ਨੂੰ ਗੇਟ ਖੋਲ੍ਹਣ ਅਤੇ ਬਾਹਰ ਜਾਣ ਤੋਂ ਰੋਕਿਆ।

ਇਸੇ ਦੌਰਾਨ ਇਕ ਵਿਅਕਤੀ ਕੰਧ ਟੱਪ ਕੇ ਅੰਦਰ ਆ ਗਿਆ, ਜਿਸ ਨੇ ਕੁਲਵਿੰਦਰ ਨੂੰ ਗੋਲੀ ਮਾਰ ਦਿੱਤੀ। ਹਮਲਾ ਕਰਨ ਤੋਂ ਬਾਅਦ ਹਮਲਾਵਰ ਗੇਟ ਨੂੰ ਬਾਹਰੋਂ ਤਾਲਾ ਮਾਰ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਕੁਲਵਿੰਦਰ ਸਿੰਘ ਦੇ ਕਰੀਬੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ  ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ ਅਤੇ ਨਾ ਹੀ ਅਜੇ ਕਿਸੇ 'ਤੇ ਸ਼ੱਕ ਪਿਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਵਿਅਕਤੀ ਮੋਟਰਸਾਈਕਲ 'ਤੇ ਪਿੰਡ 'ਚ ਆਏ ਸਨ, ਜਿਨ੍ਹਾਂ ਨੂੰ ਕੁਝ ਲੋਕਾਂ ਨੇ ਰੋਕ ਕੇ ਪੁੱਛਗਿਛ ਕੀਤੀ ਸੀ। ਇਸ ਦੇ ਨਾਲ ਇਕ ਗੁਰਦੁਆਰੇ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਉਨ੍ਹਾਂ ਦੀ ਰਿਕਾਰਡਿੰਗ ਹੋਈ ਹੈ। ਘਟਨਾ ਵਾਪਰਨ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਵਿਰਕ ਅਤੇ ਪੁਲਸ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਤੋਂ ਬਾਅਦ ਡੀ. ਐੱਸ. ਪੀ. ਮਨਜੀਤ ਸਿੰਘ ਅਤੇ ਫੋਰੈਂਸਿਕ ਟੀਮ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਹੋਇਆ ਕੁਲਵਿੰਦਰ ਸਿੰਘ ਅਜੇ ਜ਼ੇਰੇ ਇਲਾਜ ਹੈ। ਜਿਸ ਕਾਰਨ ਪੁਲਸ ਵੱਲੋਂ ਉਸ ਨੂੰ ਹੋਸ਼ ਆਉਣ 'ਤੇ ਸਾਰੇ ਮਾਮਲੇ ਦੀ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਗਏ ਹਨ ਅਤੇ ਜਲਦੀ ਹੀ ਹਮਲਾਵਰਾਂ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News