ਦਿਨ ਰਾਤ ਸੜਕਾਂ ''ਤੇ ''ਮੌਤ'' ਦੇ ''ਦੂਤ'' ਬਣ ਕੇ ਘੁੰਮਦੇ ਹਨ ਬੇਸਹਾਰਾ ਪਸ਼ੂ

12/02/2019 11:00:13 AM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਜਿੱਥੇ ਆਵਾਰਾ ਕੁੱਤੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣੇ ਹੋਏ ਹਨ ਉਸ ਦੇ ਨਾਲ ਹੀ ਸੜਕਾਂ ਅਤੇ ਖੇਤਾਂ 'ਚ ਘੁੰਮਦੇ ਬੇਸਹਾਰਾ ਪਸ਼ੂ ਵੀ ਦਿਨੋ ਦਿਨ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ। ਸੜਕਾਂ 'ਤੇ ਮੌਤ ਦੇ ਦੂਤ ਬਣ ਕੇ ਘੁੰਮਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਨਾ ਸਿਰਫ ਜਾਨਲੇਵਾ ਹਾਦਸਿਆਂ ਦਾ ਕਾਰਣ ਬਣ ਰਹੇ ਹਨ ਅਤੇ ਸਗੋਂ ਇਨ੍ਹਾਂ ਪਸ਼ੂਆਂ ਵੱਲੋਂ ਰਾਤ ਸਮੇਂ ਕਿਸਾਨਾਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਕਰ ਦਿੱਤਾ ਜਾਂਦਾ ਹੈ ਪਰ ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਸਾਂਭਣ ਅਤੇ ਰੱਖਣ ਲਈ ਅਜੇ ਤੱਕ ਕੋਈ ਵੀ ਅਜਿਹੀ ਨੀਤੀ ਨਹੀਂ ਬਣਾਈ ਜਾ ਸਕੀ ਜਿਸ ਨਾਲ ਦਿਨੋ ਦਿਨ ਵਧ ਰਹੀ ਇਸ ਵੱਡੀ ਸਮੱਸਿਆ ਦਾ ਹੱਲ ਹੋ ਸਕੇ।

ਵਾਪਰ ਚੁੱਕੇ ਹਨ ਕਈ ਹਾਦਸੇ
ਵੈਸੇ ਤਾਂ ਪੂਰੇ ਪੰਜਾਬ ਵਿਚ ਵੀ ਬੇਸਹਾਰਾ ਪਸ਼ੂ ਵੱਡਾ ਕਹਿਰ ਵਰਤਾ ਰਹੇ ਹਨ ਪਰ ਕੰਡੀ ਏਰੀਆ ਅਤੇ ਸਰਹੱਦੀ ਇਲਾਕਿਆਂ 'ਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਪਸ਼ੂਆਂ ਕਾਰਣ ਅਕਸਰ ਸੜਕਾਂ 'ਤੇ ਕਈ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਦੌਰਾਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਕਈ ਵਾਰ ਸੜਕਾਂ 'ਤੇ ਜਾ ਰਹੇ ਤੇਜ਼ ਰਫਤਾਰ ਵਾਹਨ ਇਕਦਮ ਪਸ਼ੂਆਂ ਦੇ ਆਉਣ ਕਾਰਣ ਆਪਣਾ ਸੰਤੁਲਨ ਗਵਾ ਬੈਠਦੇ ਹਨ ਅਤੇ ਪਸ਼ੂਆਂ ਨੂੰ ਬਚਾਉਂਦੇ ਹੋਏ ਖੁਦ ਹਾਦਸਾਗ੍ਰਸਤ ਹੋ ਜਾਂਦੇ ਹਨ। ਰਾਤ ਸਮੇਂ ਤਾਂ ਇਹ ਪਸ਼ੂ ਹੋਰ ਵੀ ਖਤਰਨਾਕ ਸਿੱਧ ਹੁੰਦੇ ਹਨ ਜੋ ਅਚਾਨਕ ਸੜਕ 'ਚ ਆ ਕੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ।

ਫਸਲਾਂ ਦੀ ਬਰਬਾਦੀ ਦਾ ਕਾਰਣ
ਬੇਸਹਾਰਾ ਪਸ਼ੂ ਅਤੇ ਜੰਗਲੀ ਸੂਰ ਕਿਸਾਨਾਂ ਲਈ ਵੀ ਵੱਡੀ ਸਿਰਦਰਦੀ ਬਣਦੇ ਹਨ। ਖਾਸ ਤੌਰ 'ਤੇ ਕੰਢੀ ਇਲਾਕੇ ਅਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਪੰਜਾਬ ਦੀ ਸਰਹੱਦੀ ਬੈਲਟ 'ਚ ਅਜਿਹੇ ਜਾਨਵਾਰ ਰਾਤ ਸਮੇਂ ਫਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ। ਗੁਰਦਾਸਪੁਰ ਜ਼ਿਲੇ ਦੇ ਕਿਸਾਨ ਸੁਖਦੇਵ ਸਿੰਘ ਥੰਮਣ, ਕਰਤਾਰ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ ਆਦਿ ਨੇ ਕਿਹਾ ਕਿ ਇਹ ਪਸ਼ੂ ਫਸਲ ਨੂੰ ਖਾਂਦੇ ਘੱਟ ਹਨ ਸਗੋਂ ਨੁਕਸਾਨ ਜ਼ਿਆਦਾ ਕਰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਇਨ੍ਹਾਂ ਵੱਲੋਂ 50 ਫੀਸਦੀ ਤੱਕ ਫਸਲ ਤਬਾਹ ਕਰ ਦਿੱਤੀ ਜਾਂਦੀ ਹੈ। ਕਿਸਾਨਾਂ ਲਈ ਵੱਡੀ ਬੇਵਸੀ ਇਹ ਵੀ ਹੈ ਕਿ ਉਹ ਇਨ੍ਹਾਂ ਨੂੰ ਮਾਰ ਵੀ ਨਹੀਂ ਸਕਦੇ ਅਤੇ ਨਾ ਹੀ ਰਾਤ ਸਮੇਂ ਫਸਲਾਂ ਨੂੰ ਬਚਾਉਣ ਲਈ ਰਾਖੀ ਕਰ ਸਕਦੇ ਹਨ। ਇਸ ਕਾਰਣ ਕਈ ਲੋਕਾਂ ਨੇ ਮੱਕੀ, ਕਮਾਦ ਅਤੇ ਹੋਰ ਉੱਚੀਆਂ ਫਸਲਾਂ ਲਾਉਣੀਆਂ ਹੀ ਛੱਡ ਦਿੱਤੀਆਂ ਹਨ।

ਮੁਆਵਜ਼ਾ ਅਤੇ ਰੱਖ-ਰਖਾਵ ਦੇ ਪ੍ਰਬੰਧ
ਸ਼ਹਿਰ ਦੇ ਵਸਨੀਕ ਲਖਵਿੰਦਰ ਸਿੰਘ, ਗੁਰਦੀਪ ਸਿੰਘ, ਵਰੁਣ ਆਨੰਦ, ਅਜੈਬ ਸਿੰਘ ਆਦਿ ਨੇ ਕਿਹਾ ਕਿ ਅਜੇ ਤੱਕ ਤਾਂ ਸਰਕਾਰ ਲੋਕਾਂ ਨੂੰ ਨੋਚ-ਨੋਚ ਕੇ ਖਾ ਰਹੇ ਕੁੱਤਿਆਂ ਦੀ ਨਸਬੰਦੀ ਕਰਵਾਉਣ ਦੇ ਪ੍ਰਬੰਧ ਨਹੀਂ ਕਰ ਸਕੀ, ਜਿਸ ਕਾਰਣ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਰੱਖਣ ਲਈ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ ਹਨ ਅਤੇ ਨਾ ਹੀ ਕੋਈ ਨੀਤੀ ਹੈ। ਕੇਂਦਰ ਅਤੇ ਸੂਬੇ ਦੀਆਂ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਈ ਯੋਜਨਾਵਾਂ ਬਣਾਉਣ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ, ਜਿਸ ਤਹਿਤ 2011 ਦੌਰਾਨ ਤਾਂ ਕਿਸੇ ਬੇਸਹਾਰਾ ਜਾਨਵਰ ਕਾਰਣ ਮੌਤ ਹੋਣ ਦੀ ਸੂਰਤ 'ਚ ਇਕ ਲੱਖ ਰੁਪਏ ਅਤੇ ਗੰਭੀਰ ਜ਼ਖਮੀ ਹੋਣ ਦੀ ਸੂਰਤ ਵਿਚ 20 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਬਾਅਦ ਵਿਚ ਇਸ ਰਾਸ਼ੀ 'ਚ ਵਾਧਾ ਕਰ ਕੇ ਮੌਤ ਦੀ ਸੂਰਤ 'ਚ 2 ਲੱਖ ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਸੀ। ਇਸੇ ਤਰ੍ਹਾਂ ਫਸਲਾਂ ਦੇ ਨੁਕਸਾਨ ਲਈ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਸੀ, ਜਿਸ ਤਹਿਤ ਪੰਜਾਬ ਅੰਦਰ ਸਾਲ 2017-18 ਦੌਰਾਨ ਸਿਰਫ 20 ਹਜ਼ਾਰ ਰੁਪਏ ਅਤੇ ਸਾਲ 2018-19 ਦੌਰਾਨ 50 ਹਜ਼ਾਰ 842 ਰੁਪਏ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਿਗੁਣੇ ਮੁਆਵਜ਼ਿਆਂ ਨਾਲ ਕਿਸਾਨਾਂ ਅਤੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਕਿਉਂਕਿ ਅਜੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਜਾ ਸਕਿਆ ਜਿਸ ਦੀ ਬਦੌਲਤ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਅੰਦਰ ਕਈ ਦਿਨਾਂ ਤੋਂ ਦੋ ਆਵਾਰਾ ਘੋੜੇ ਸੜਕਾਂ 'ਤੇ ਘੁੰਮ ਰਹੇ ਹਨ ਜਿਨ੍ਹਾਂ ਵਿਚੋਂ ਇਕ ਤਾਂ ਸ਼ਹਿਰ ਵਿਚੋਂ ਗੁਜ਼ਰਦੀ ਮੁੱਖ ਸੜਕ 'ਤੇ ਹੀ ਰਹਿੰਦਾ ਹੈ ਪਰ ਅਜੇ ਤੱਕ ਇਸ ਘੋੜੇ ਦਾ ਨਾ ਤਾਂ ਮਾਲਕ ਬਹੁੜਿਆ ਅਤੇ ਨਾ ਹੀ ਕਿਸੇ ਹੋਰ ਸਰਕਾਰੀ ਗੈਰ ਸਰਕਾਰੀ ਸੰਸਥਾ ਨੇ ਇਸ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਰਫ ਸਰਕਾਰ ਹੀ ਨਹੀਂ ਸਗੋਂ ਲੋਕ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵੱਲੋਂ ਆਪਣੇ ਬੀਮਾਰ ਪਸ਼ੂਆਂ ਨੂੰ ਆਖਰੀ ਸਮੇਂ ਮਰਨ ਲਈ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ ਜੋ ਸੜਕਾਂ 'ਤੇ ਲੋਕਾਂ ਦੀ ਜਾਨ ਮਾਲ ਦੇ ਨੁਕਸਾਨ ਦਾ ਕਾਰਣ ਬਣਦੇ ਹਨ।


Baljeet Kaur

Content Editor

Related News