ਗੈਂਗਸਟਰ ਤੰਨਾ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਗੁਰਦਾਸਪੁਰ ਲਿਆਈ ਪੁਲਸ

08/29/2018 11:06:42 AM

ਗੁਰਦਾਸਪੁਰ (ਵਿਨੋਦ) : ਸੁੱਖਾ ਭਿਖਾਰੀਵਾਲ ਦੇ ਇਸ਼ਾਰੇ 'ਤੇ ਲੁੱਟ-ਮਾਰ ਅਤੇ ਫਿਰੌਤੀ ਵਸੂਲ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਤੋਂ ਤਿੱਬੜ ਪੁਲਸ ਵੱਲੋਂ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਗੈਂਗਸਟਰ ਵਿੱਕੀ ਗੌਂਡਰ ਦੇ ਮਾਰੇ ਜਾਣ ਦੇ ਬਾਅਦ ਵੀ ਇਹ ਗੈਂਗ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਿਹਾ ਸੀ ਅਤੇ ਵਿੱਕੀ ਗੌਂਡਰ ਦਾ ਸੱਜਾ ਹੱਥ ਸਮਝੇ ਜਾਣ ਵਾਲੇ ਗੈਂਗਸਟਰ ਸੁਖਮੀਤ ਸਿੰਘ ਉਰਫ਼ ਸੁੱਖਾ ਭਿਖਾਰੀਵਾਲ ਦਾ ਸੰਪਰਕ ਛੋਟੀ ਉਮਰ ਦੇ ਵੱਡੀ ਗਿਣਤੀ ਨੌਜਵਾਨਾਂ ਨਾਲ ਹੈ। ਸੁੱਖਾ ਭਿਖਾਰੀਵਾਲ ਨਾਲ ਗ੍ਰਿਫ਼ਤਾਰ ਨਾਬਾਲਗ ਨੌਜਵਾਨਾਂ ਦਾ ਸੰਪਰਕ ਅੰਮ੍ਰਿਤਸਰ ਜੇਲ ਵਿਚ ਬੰਦ ਹੱਤਿਆ ਤੇ ਲੁੱਟ-ਮਾਰ ਦੇ ਕੇਸ ਵਿਚ ਸਜ਼ਾ ਕੱਟ ਰਹੇ ਇਕ ਕੈਦੀ ਤਰਨਜੀਤ ਸਿੰਘ ਉਰਫ ਤੰਨਾ ਵਾਸੀ ਲੱਖਣਪਾਲ ਨੇ ਕਰਵਾਇਆ ਸੀ। ਬੇਸ਼ੱਕ ਤਿੱਬੜ ਪੁਲਸ ਗ੍ਰਿਫ਼ਤਾਰ ਸਾਰੇ 6 ਦੋਸ਼ੀਆਂ ਦਾ ਪੁਲਸ ਰਿਮਾਂਡ ਤੱਕ ਵੀ ਲੈਣ 'ਚ ਸਫ਼ਲ ਨਹੀਂ ਹੋਈ ਸੀ ਕਿਉਂਕਿ ਇਸ ਗਿਰੋਹ ਦੇ ਸਾਰੇ ਮੈਂਬਰ ਨਾਬਾਲਗ ਸਨ ਪਰ ਪੁਲਸ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਅੰਮ੍ਰਿਤਸਰ ਜੇਲ ਵਿਚ ਬੰਦ ਕੈਦੀ ਤਰਨਜੀਤ ਸਿੰਘ ਉਰਫ਼ ਤੰਨਾ ਨੂੰ ਪੁੱਛਗਿੱਛ ਲਈ ਜ਼ਰੂਰ ਲਿਆਉਣ 'ਚ ਸਫ਼ਲ ਹੋ ਗਈ ਹੈ। ਤਰਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਲੰਮੇ ਸਮੇਂ ਤੋਂ ਉਸ ਦਾ ਵਿੱਕੀ ਗੌਂਡਰ ਗੈਂਗ ਨਾਲ ਸਬੰਧ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹ ਸੁੱਖਾ ਭਿਖਾਰੀਵਾਲ ਲਈ ਕੰਮ ਕਰਦਾ ਰਿਹਾ। ਛੋਟੀ ਉਮਰ ਦੇ ਨੌਜਵਾਨਾਂ ਦਾ ਸੁੱਖਾ ਭਿਖਾਰੀਵਾਲ ਨਾਲ ਸੰਪਰਕ ਇਕ ਯੋਜਨਾ ਅਧੀਨ ਕਰਵਾਇਆ ਜਾਂਦਾ ਹੈ ਕਿਉਂਕਿ ਇਕ ਤਾਂ ਛੋਟੀ ਉਮਰ ਦੇ ਨੌਜਵਾਨਾਂ 'ਤੇ ਪੁਲਸ ਸ਼ੱਕ ਨਹੀਂ ਕਰਦੀ, ਦੂਜਾ ਛੋਟੀ ਉਮਰ ਦੇ ਨਾਬਾਲਗ ਲੜਕਿਆਂ ਵਿਰੁੱਧ ਪੁਲਸ ਸਖਤ ਕਾਰਵਾਈ ਵੀ ਨਹੀਂ ਕਰ ਸਕਦੀ। ਇਸੇ ਤਰ੍ਹਾਂ ਛੋਟੀ ਉਮਰ ਦੇ ਲੜਕਿਆਂ ਨੂੰ ਜੁਰਮ ਕਰਨ 'ਤੇ ਇਕ ਤਾਂ ਜ਼ਮਾਨਤ ਜਲਦੀ ਮਿਲ ਜਾਂਦੀ ਹੈ ਦੂਜਾ ਸਜ਼ਾ ਵੀ ਬਹੁਤ ਘੱਟ ਹੁੰਦੀ ਹੈ। ਤਰਨਜੀਤ ਸਿੰਘ ਉਰਫ਼ ਤੰਨਾ ਨੇ ਕਈ ਹੋਰ ਘਟਨਾਵਾਂ ਸਬੰਧੀ ਵੀ ਪੁਲਸ ਨੂੰ ਜਾਣਕਾਰੀ ਦਿੱਤੀ ਹੈ।


Related News