ਸਿਵਲ ਹਸਪਤਾਲ ''ਚੋਂ ਭੱਜਿਆ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਕਲਾਨੌਰ ਹਸਪਤਾਲ ''ਚ ਦਾਖਲ

02/21/2020 8:09:05 PM

ਗੁਰਦਾਸਪੁਰ,(ਵਿਨੋਦ): ਸਿਵਲ ਹਸਪਤਾਲ ਗੁਰਦਾਸਪੁਰ 'ਚੋਂ ਬੀਤੇ ਦਿਨ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਜੋ ਭੱਜਣ 'ਚ ਸਫਲ ਹੋ ਗਿਆ ਸੀ, ਉਹ ਖੁਦ ਹੀ ਕਲਾਨੌਰ ਹਸਪਤਾਲ 'ਚ ਜਾ ਕੇ ਦਾਖਲ ਹੋ ਗਿਆ। ਕਲਾਨੌਰ 'ਚ ਉਕਤ ਮਰੀਜ਼ ਗੁਰਪ੍ਰੀਤ ਸਿੰਘ ਲਈ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾ. ਮਨਜਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਬੀਤੇ ਦਿਨ ਚੀਨ 'ਚ ਲਗਭਗ 15 ਘੰਟੇ ਰੁਕਣ ਵਾਲੇ ਮਰੀਜ਼ ਗੁਰਪ੍ਰੀਤ ਸਿੰਘ ਨਿਵਾਸੀ ਕਲਾਨੌਰ ਨੂੰ ਜਦ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਤਾਂ ਗੁਰਪ੍ਰੀਤ ਸਿੰਘ ਆਪਣੇ ਖੂਨ ਦਾ ਸੈਂਪਲ ਦੇ ਮੌਕਾ ਦੇਖ ਉਥੋਂ ਫਰਾਰ ਹੋ ਗਿਆ ਸੀ। ਜਿਸ ਬਾਰੇ ਜਿਲਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਡਾ. ਮਨਜਿੰਦਰ ਬੱਬਰ ਨੇ ਦੱਸਿਆ ਕਿ ਹੁਣ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਕਲਾਨੌਰ ਹਸਪਤਾਲ 'ਚ ਦਾਖਲ ਹੋ ਗਿਆ ਹੈ। ਜਿਥੇ ਉਸ ਨੇ ਦੱਸਿਆ ਕਿ ਉਹ ਡਰ ਕੇ ਹੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਭੱਜਿਆ ਸੀ ਕਿਉਂਕਿ ਉਹ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ।

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ 21 ਜਨਵਰੀ ਨੂੰ ਭਾਰਤ ਲਈ ਰਵਾਨਾ ਹੋਇਆ ਸੀ ਅਤੇ 15 ਘੰਟੇ ਉਸ ਨੂੰ ਚੀਨ ਦੇ ਏਅਰਪੋਰਟ ਬੀਜਿੰਗ 'ਚ ਰੁਕਣਾ ਪਿਆ ਸੀ ਤੇ ਜਦ ਉਹ ਕਲਾਨੌਰ ਪਹੁੰਚਿਆ ਤਾਂ ਉਸ ਨੂੰ ਬੁਖਾਰ ਚੜਿਆ ਹੋਇਆ ਸੀ। ਜਿਸ ਤੋਂ ਬਾਅਦ ਉਸ ਦਾ ਸੈਂਪਲ ਪੂਨਾ 'ਚ ਟੈਸਟ ਲਈ ਭੇਜਿਆ ਗਿਆ ਹੈ।


Related News