ਸਿਵਲ ਹਸਪਤਾਲ ''ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਮਹਿਲਾ ਡਾਕਟਰ ''ਤੇ ਲਾਏ ਗੰਭੀਰ ਦੋਸ਼
Tuesday, Dec 01, 2020 - 04:04 PM (IST)
ਗੁਰਦਾਸਪੁਰ (ਗੁਰਪ੍ਰੀਤ): ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਡਿਲਿਵਰੀ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ 'ਚ ਮਹਿਲਾ ਡਾਕਟਰਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਹੋਈ ਹੈ। ਉਨ੍ਹਾਂ ਨੇ ਉਕਤ ਡਾਕਟਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ
ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਹੋਈ ਬੱਚੇ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਸੰਨੀ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ, ਜਿਸ ਨੂੰ 28 ਨਵੰਬਰ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੌਰਾਨ ਬੱਚਾ ਬਿਲਕੁੱਲ ਠੀਕ ਸੀ ਪਰ ਬੀਤੀ ਰਾਤ ਡਾਕਟਰਾਂ ਨੇ ਆ ਕੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਧੜਕਣ ਨਹੀਂ ਮਿਲ ਰਹੀ ਅਤੇ ਜਦੋਂ ਡਿਲਿਵਰੀ ਹੋਈ ਤਾਂ ਬੱਚਾ ਮਰਿਆ ਹੋਇਆ ਪੈਦਾ ਹੋਇਆ। ਡਾਕਟਰਾਂ ਨੇ ਕਿਹਾ ਕਿ ਉਸ ਦਾ ਬੱਚਾ 10 ਦਿਨ ਪਹਿਲਾਂ ਹੀ ਮਰ ਚੁੱਕਾ ਸੀ ਜਦਕਿ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬੱਚਾ ਬਿਲਕੁੱਲ ਠੀਕ ਸੀ। ਉਨ੍ਹਾਂ ਕਿਹਾ ਕਿ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਬੱਚੇ ਦੇ ਸਰੀਰ 'ਤੇ ਨਹੂੰਆਂ ਦੇ ਨਿਸ਼ਾਨ ਵੀ ਪਏ ਹੋਏ ਸਨ ਤੇ ਉਸ ਨਾਲ ਜ਼ਿਆਦਾ ਖਿੱਚ-ਧੋਹ ਹੋਈ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮਹਿਲਾ ਡਾਕਟਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਜਾਣੋ ਜਾਰੀ ਹੋਏ ਹੋਰ ਦਿਸ਼ਾ-ਨਿਰਦੇਸ਼ਾਂ ਬਾਰੇ
ਮਾਮਲੇ ਦੀ ਕੀਤੀ ਜਾਵੇਗੀ ਜਾਂਚ : ਐੱਸ.ਐੱਮ.ਓ
ਦੂਜੇ ਪਾਸੇ ਇਸ ਸਬੰਧੀ ਜਦੋਂ ਐੱਸ.ਐੱਮ.ਓ. ਡਾ. ਚੇਤਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਸੀ ਤੇ ਹੁਣ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਡਾਕਟਰ ਨੇ ਉਕਤ ਜਨਾਨੀ ਦੀ ਡਿਲਿਵਰੀ ਕੀਤੀ ਸੀ। ਪਹਿਲਾਂ ਬੱਚਾ ਬਿਲਕੁੱਲ ਠੀਕ ਸੀ ਪਰ ਬਾਅਦ 'ਚ ਮਾਂ ਦੇ ਢਿੱਡ 'ਚ ਬੱਚੇ ਦੀ ਪੋਟੀ ਨਿਕਲ ਗਈ ਸੀ, ਜਿਸ ਕਾਰਨ ਇੰਨਫ਼ੈਕਸ਼ਨ ਹੋਣ ਕਾਰਨ ਬੱਚੇ ਦੀ ਧੜਕਣ ਰੁਕ ਗਈ। ਇਸ ਬਾਰੇ 'ਚ ਪਰਿਵਾਰ ਨੂੰ ਦੱਸ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਜੋ ਲਾਪਰਵਾਹੀ ਦੇ ਦੋਸ਼ ਲਗਾਏ ਸਨ ਉਸ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।