ਪਾਬੰਦੀ ਦੇ ਬਾਵਜੂਦ ਗੁਰਦਾਸਪੁਰ ''ਚ ਚੋਰੀ-ਛੁਪੇ ਵਿਕ ਰਹੀ ਚਾਈਨਾ ਡੋਰ

Sunday, Dec 03, 2017 - 01:52 PM (IST)

ਪਾਬੰਦੀ ਦੇ ਬਾਵਜੂਦ ਗੁਰਦਾਸਪੁਰ ''ਚ ਚੋਰੀ-ਛੁਪੇ ਵਿਕ ਰਹੀ ਚਾਈਨਾ ਡੋਰ

ਗੁਰਦਾਸਪੁਰ (ਵਿਨੋਦ) - ਡ੍ਰੈਗਨ ਡੋਰ ਦੀ ਵਿਕਰੀ 'ਤੇ ਚਾਹੇ ਡਿਪਟੀ ਕਮਿਸ਼ਨਰ ਵੱਲੋਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਜ਼ਿਲਾ ਗੁਰਦਾਸਪੁਰ ਵਿਚ ਇਹ ਚਾਈਨਾਂ ਡੋਰ ਧੜੱਲੇ ਨਾਲ ਵਿਕ ਰਹੀ ਹੈ। ਮੌਜੂਦਾ ਸਮੇਂ ਵਿਚ ਪਤੰਗਬਾਜ਼ੀ ਦਾ ਸੀਜ਼ਨ ਹੋਣ ਕਾਰਨ ਚਾਈਨਾ ਡੋਰ ਦੀ ਵਰਤੋਂ ਕਰਨ 'ਤੇ ਭਾਵੇਂ ਮਨਾਹੀ ਹੈ ਪਰ ਫਿਰ ਵੀ ਡੋਰ ਸ਼ਰੇਆਮ ਵਿਕ ਰਹੀ ਹੈ।ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਚਾਈਨਾ ਰੋਡ 'ਤੇ ਪਾਬੰਦੀ ਲਾਉਣ ਦੇ ਬਾਅਦ ਚਾਹੇ ਹੋਲਸੇਲ ਦੁਕਾਨਦਾਰਾਂ ਨੇ ਚਾਈਨਾਂ ਡੋਰ ਨੂੰ ਮੰਗਵਾਉਣਾ ਬੰਦ ਕਰ ਦਿੱਤਾ ਹੈ ਪਰ ਸ਼ਹਿਰ ਦੀ ਛੋਟੀ ਗਲੀਆਂ, ਮੁਹੱਲਿਆਂ ਆਦਿ ਵਿਚ ਇਹ ਡੋਰ ਬਲੈਕ ਵਿਚ ਸ਼ਰੇਆਮ ਵੇਚੀ ਜਾ ਰਹੀ ਹੈ, ਕਿਉਂਕਿ ਜਦ ਇਕ ਦੁਕਾਨਦਾਰ ਚਾਈਨਾ ਰੋਡ ਦੀ ਵਿਕਰੀ ਬੰਦ ਕਰਦਾ ਹੈ ਤਾਂ ਦੂਜਾ ਜ਼ਿਆਦਾ ਲਾਭ ਲੈਣ ਦੇ ਲਈ ਚਾਈਨਾਂ ਡੋਰ ਬਾਜ਼ਾਰ ਤੋਂ ਲੈ ਕੇ ਵੇਚਣਾ ਸ਼ੁਰੂ ਕਰ ਦਿੰਦੇ ਹਨ। 
ਕੌਣ ਆਉਂਦੇ ਹਨ ਲਪੇਟ 'ਚ 
ਚਾਈਨਾ ਡੋਰ ਦੀ ਲਪੇਟ ਵਿਚ ਜ਼ਿਆਦਾਤਰ ਦੋਪਹੀਆ ਵਾਹਨ ਚਾਲਕ ਆ ਜਾਂਦੇ ਹਨ ਤੇ ਜਦੋਂ ਉਹ ਸੜਕ ਤੋਂ ਲੰਘਦੇ ਹਨ ਤਾਂ ਕੱਟੀ ਪਤੰਗ ਦੀ ਡੋਰ ਨਾਲ ਉਹ ਅਕਸਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਜਾਂਦੇ ਹਨ। ਇਸੇ ਚਾਈਨਾ ਡੋਰ ਦੇ ਕਾਰਨ ਪਤੰਗ ਉਡਾਉਣ ਵਾਲੇ ਬੱਚੇ ਵੀ ਇਸ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ।
ਕਿਉਂ ਹੈ ਨੁਕਸਾਨਦਾਇਕ
ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿਚ ਮਾਤਰ ਮਾਂਝਾ ਲਾ ਕੇ ਪਤੰਗ ਉਡਾਉਣ ਦੇ ਲਈ ਡੋਰ ਤਿਆਰ ਕੀਤੀ ਜਾਂਦੀ ਸੀ ਅਤੇ ਇਹ ਡੋਰ ਜ਼ਿਆਦਾ ਪ੍ਰਯੋਗ ਕਰਨ ਨਾਲ ਟੁੱਟ ਜਾਂਦੀ ਸੀ ਪਰ ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਾਰਨ ਨਹੀਂ ਟੁੱਟਦੀ, ਜਿਸ ਕਾਰਨ ਇਹ ਲੋਕਾਂ ਸਮੇਤ ਪੰਛੀਆਂ ਦੇ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਗੁਰਦਾਸਪੁਰ ਇਲਾਕੇ 'ਚ ਇਸ ਚਾਈਨਾ ਡੋਰ ਦੇ ਕਾਰਨ ਕਈ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਸੀ। ਅੱਗੇ ਆਉਣ ਵਾਲੇ ਦਿਨਾਂ ਵਿਚ ਪਤੰਗਬਾਜ਼ੀ ਦਾ ਸੀਜ਼ਨ ਤੇਜ਼ੀ ਨਾਲ ਸ਼ੁਰੂ ਹੋਣ ਵਾਲਾ ਹੈ, ਜਿਸ ਕਾਰਨ ਘਟਨਾਵਾਂ ਵੱਧ ਸਕਦੀਆਂ ਹਨ। 
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੇ ਅਨੁਸਾਰ ਚਾਈਨਾ ਡੋਰ ਤੇ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਨੂੰ ਵੇਚਣਾ, ਸਟੋਰ ਕਰਨਾ ਤੇ ਪ੍ਰਯੋਗ ਕਰਨ 'ਤੇ ਵੀ ਮੁਕੰਮਲ ਪਾਬੰਦੀ ਹੈ, ਕਿਉਂਕਿ ਚਾਈਨਾ ਡੋਰ ਬਹੁਤ ਹੀ ਖਤਰਨਾਕ ਹੈ ਅਤੇ ਇਸ ਨਾਲ ਕਈ ਘਟਨਾਵਾਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਲੱਗੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ
ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਦੇ ਅਨੁਸਾਰ ਇਸ ਡੋਰ ਦੇ ਵੇਚਣ ਵਾਲਿਆਂ ਨੂੰ ਖੁਦ ਹੀ ਇਸ ਦੀ ਖਰੀਦ ਵੇਚ ਦਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਪੂਰੀ ਤਰ੍ਹਾਂ ਨਾਲ ਇਸ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਜ਼ਰੂਰਤ ਪਈ ਤਾਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾਵੇਗੀ।
 


Related News