ਲੜਕੇ ਵਲੋਂ ਖੁਦਕੁਸ਼ੀ ਦੇ ਮਾਮਲੇ ''ਚ ਲੜਕੀ ਦੀ ਮਾਂ ਨੂੰ 4 ਸਾਲ ਦੀ ਕੈਦ

Friday, Sep 13, 2019 - 03:48 PM (IST)

ਲੜਕੇ ਵਲੋਂ ਖੁਦਕੁਸ਼ੀ ਦੇ ਮਾਮਲੇ ''ਚ ਲੜਕੀ ਦੀ ਮਾਂ ਨੂੰ 4 ਸਾਲ ਦੀ ਕੈਦ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੀ ਅਦਾਲਤ ਵੱਲੋਂ ਇਕ ਅਜਿਹੇ ਮਾਮਲੇ 'ਚ ਔਰਤ ਨੂੰ 4 ਸਾਲਾਂ ਦੀ ਕੈਦ ਸੁਣਾਈ ਹੈ, ਜਿਸ 'ਚ ਔਰਤ ਵਲੋਂ ਆਪਣੀ ਲੜਕੀ ਦੀ ਮੰਗਣੀ ਕਰਨ ਤੋਂ ਬਾਅਦ ਉਸ ਲੜਕੇ ਨਾਲ ਵਿਆਹ ਨਾ ਕੀਤੇ ਜਾਣ ਕਾਰਣ ਲੜਕੇ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਗਈ ਸੀ।

ਜਾਣਕਾਰੀ ਅਨੁਸਾਰ 4 ਮਾਰਚ 2018 ਨੂੰ ਅਜੈਬ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਮੌਚਪੁਰ ਥਾਣਾ ਭੈਣੀ ਮੀਆਂ ਨੇ ਥਾਣਾ ਭੈਣੀ ਮੀਆਂ ਖਾਂ ਅੰਦਰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਦੀ ਮੰਗਣੀ ਪਿੰਡ ਫੱਤੂ ਬਰਕਤ ਦੇ ਜਗਤਾਰ ਸਿੰਘ ਦੀ ਪੁੱਤਰੀ ਨਾਲ 4 ਸਾਲ ਪਹਿਲਾਂ ਹੋਈ ਸੀ। ਉਨ੍ਹਾਂ ਦਾ ਪੁੱਤਰ ਓਮ ਸਿੰਘ, ਜਿਸ ਦਾ ਜਗਤਾਰ ਸਿੰਘ ਦੀ ਪੁੱਤਰੀ ਨਾਲ ਮੰਗਣੀ ਕਰਨ ਨਾਲ ਕਾਫੀ ਲਗਾਵ ਹੋ ਗਿਆ ਸੀ ਅਤੇ ਉਹ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਅਚਾਨਕ ਹੀ ਕੁਝ ਸਮੇਂ ਬਾਅਦ ਜਗਤਾਰ ਸਿੰਘ ਦੀ ਪਤਨੀ ਕਸ਼ਮੀਰ ਕੌਰ ਆਪਣੀ ਲੜਕੀ ਦੇ ਵਿਆਹ ਤੋਂ ਮੁਕਰ ਗਈ, ਜਿਸ ਕਾਰਣ ਉਨ੍ਹਾਂ ਦਾ ਪੁੱਤਰ ਓਮ ਸਿੰਘ ਕਾਫੀ ਪ੍ਰੇਸ਼ਾਨੀ 'ਚ ਰਹਿਣ ਲੱਗ ਪਿਆ ਅਤੇ ਉਸ ਨੇ 3 ਮਾਰਚ 2018 ਨੂੰ ਲੜਕੀ ਦੇ ਘਰ ਜਾ ਕੇ ਸ਼ਾਮ ਕਰੀਬ ਸਾਢੇ 6 ਵਜੇ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਦੀ ਸੁਣਵਾਈ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ 'ਚ ਚੱਲ ਰਹੀ ਸੀ, ਜਿਥੇ ਅਦਾਲਤ ਨੇ ਮੁੱਦਈ ਧਿਰ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਅਤੇ ਲੜਕੀ ਦੀ ਮਾਤਾ ਕਸ਼ਮੀਰ ਕੌਰ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਅਤੇ ਉਸ ਨੂੰ 4 ਸਾਲ ਦੀ ਕੈਦ ਸੁਣਾਈ।


author

Baljeet Kaur

Content Editor

Related News