ਬੇਅਦਬੀ ਮਾਮਲੇ ''ਚ ਵੱਡੇ ਭਰਾ ਵਿਰੁੱਧ ਬੋਲਣ ਤੋਂ ਗੁਰਦਾਸ ਬਾਦਲ ਨੇ ਕੀਤਾ ਗੁਰੇਜ਼

09/04/2018 4:23:28 PM

ਬਠਿੰਡਾ(ਬਿਊਰੋ)— ਸਾਬਕਾ ਐੱਮ.ਪੀ. ਗੁਰਦਾਸ ਬਾਦਲ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੇ ਵੱਡੇ ਭਰਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਪਰਿਵਾਰਾਂ ਵਿਚਾਲੇ ਆਪਸੀ ਰਿਸ਼ਤਾ ਕਾਫੀ ਤਲਖੀ ਭਰਿਆ ਹੈ, ਪਰ ਇਸ ਦੇ ਬਾਵਜੂਦ ਗੁਰਦਾਸ ਬਾਦਲ ਨੇ ਇਸ ਮਾਮਲੇ 'ਤੇ ਚੁੱਪ ਵੱਟਣਾ ਹੀ ਚੰਗਾ ਸਮਝਿਆ।

ਪਤਾ ਲੱਗਾ ਹੈ ਕਿ ਕਰੀਬ 10 ਦਿਨਾਂ ਮਗਰੋਂ ਸਾਬਕਾ ਮੁੱਖ ਮੰਤਰੀ ਬੀਤੇ ਦਿਨ ਆਪਣੇ ਪਿੰਡ ਬਾਦਲ ਪਰਤਣ ਲੱਗੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਬਾਦਲ ਪਰਿਵਾਰ ਨੂੰ ਵਿਰੋਧੀ ਧਿਰਾਂ ਅਤੇ ਪੰਜਾਬ ਦੇ ਲੋਕਾਂ ਨੇ ਕਟਹਿਰੇ 'ਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੰਭੀਰ ਮਸਲੇ ਸਬੰਧੀ ਜਦੋਂ ਸਾਬਕਾ ਐੱਮ.ਪੀ. ਗੁਰਦਾਸ ਸਿੰਘ ਬਾਦਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਨ੍ਹਾਂ 'ਇੱਕ ਚੁੱਪ ਸੌ ਸੁੱਖ' ਦੀ ਨੀਤੀ ਅਪਣਾ ਲਈ। ਗੁਰਦਾਸ ਬਾਦਲ ਨੂੰ ਜਦੋਂ ਪਹਿਲਾਂ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਤਾਂ ਦਾਸ ਨੇ ਆਖਿਆ ਕਿ 'ਪੰਜਾਬ ਦੇ ਲੋਕਾਂ ਤੋਂ ਪੁੱਛੋ'। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ 'ਮੈਂ ਤਾਂ ਸਿਆਸਤ ਦਾ ਕੰਮ ਹੀ ਛੱਡ ਦਿੱਤਾ।' ਕਮਿਸ਼ਨ ਦੀ ਰਿਪੋਰਟ ਬਾਰੇ ਮੁੜ ਜਾਣਨਾ ਚਾਹਿਆ ਤਾਂ ਗੁਰਦਾਸ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬੋਲਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਆਖਿਆ, ''ਮੇਰੀ ਤਾਂ ਹੁਣ 90 ਸਾਲ ਦੀ ਉਮਰ ਹੋ ਗਈ ਹੈ, ਹੁਣ ਮੈਂ ਕਿਸੇ ਚੋਣ 'ਚ ਨਹੀਂ ਜਾਣਾ, ਮੈਂ ਤਾਂ ਸੇਵਾ ਮੁਕਤ ਹੋ ਗਿਆ ਹਾਂ।''

ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਦੇ ਸਿਆਸੀ ਰਾਹ ਵੱਖ ਹੋਣ ਮਗਰੋਂ ਗੁਰਦਾਸ ਬਾਦਲ ਭਾਵੇਂ ਸਿਆਸੀ ਮੈਦਾਨ ਵਿਚ ਆਪਣੇ ਭਰਾ ਖ਼ਿਲਾਫ਼ ਵਿਚਰੇ, ਪਰ ਇਕ'ਦੂਜੇ ਨੇ ਆਪਣੇ ਮੋਹ ਦੀ ਤੰਦ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਗੁਰਦਾਸ ਬਾਦਲ ਦੇ ਪ੍ਰਤੀਕਰਮ ਤੋਂ ਸਪਸ਼ਟ ਸੀ ਕਿ ਉਹ ਬੇਅਦਬੀ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਮਨਪ੍ਰੀਤ ਬਾਦਲ ਨੇ ਜਦੋਂ ਸਿਆਸੀ ਤੌਰ 'ਤੇ ਵੱਖਰਾ ਰਾਹ ਫੜਿਆ ਤਾਂ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਡਾ ਦੁੱਖ ਭਰਾ ਨਾਲੋਂ ਟੁੱਟ ਜਾਣ ਨੂੰ ਦੱਸਿਆ ਸੀ।


Related News