ਬਾਪੂ ਦੀ ਬੰਦੂਕ ਫੜਨੀ ਪਈ ਮਹਿੰਗੀ, ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ’ਚ 3 ਵਿਰੁੱਧ ਕੇਸ ਦਰਜ

Monday, Dec 05, 2022 - 01:52 PM (IST)

ਬਾਪੂ ਦੀ ਬੰਦੂਕ ਫੜਨੀ ਪਈ ਮਹਿੰਗੀ, ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ’ਚ 3 ਵਿਰੁੱਧ ਕੇਸ ਦਰਜ

ਮੋਗਾ (ਆਜ਼ਾਦ) : ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਦੋ ਵਿਰੁੱਧ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਮੋਗਾ ਦੇ ਪਿੰਡ ਖੋਸਾ ਪਾਂਡੋ ਨਿਵਾਸੀ ਤੈਲੂ ਸਿੰਘ ਨੂੰ ਆਪਣੇ ਬਾਪੂ ਦੀ ਲਾਇਸੈਂਸੀ ਬੰਦੂਕ ਫੜ੍ਹ ਕੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਪਾਉਣੀਆਂ ਉਸ ਸਮੇਂ ਮਹਿੰਗੀਆਂ ਪੈ ਗਈਆਂ ਜਦੋਂ ਮੋਗਾ ਪੁਲਸ ਨੇ ਉਸਦੇ ਖ਼ਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਤੈਲੂ ਸਿੰਘ ਨਿਵਾਸੀ ਪਿੰਡ ਖੋਸਾ ਪਾਂਡੋ ਜਿਸ ਦੇ ਕੋਲ ਕੋਈ ਅਸਲਾ ਨਹੀਂ ਹੈ। ਉਹ ਆਪਣੇ ਬਾਪੂ ਪ੍ਰੀਤਮ ਸਿੰਘ ਦਾ ਲਾਇਸੈਂਸੀ ਅਸਲਾ ਹੱਥਾਂ ਵਿਚ ਫੜ੍ਹ ਕੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਪਾ ਕੇ ਲੋਕਾਂ ਨੂੰ ਭੜਕਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਥਾਣਾ ਸਿਟੀ ਮੋਗਾ ਅਧੀਨ ਪੈਂਦੇ ਇਲਾਕੇ ਧਰਮ ਸਿੰਘ ਨਿਵਾਸੀ ਜਸਵੀਰ ਸਿੰਘ ਉਰਫ ਜੱਸੀ ਅਤੇ ਇਕ ਉਸਦਾ ਅਣਪਛਾਤਾ ਸਾਥੀ ਆਪਣੀ ਫੇਸਬੁੱਕ ਆਈ. ਡੀ. ’ਤੇ ਹਥਿਆਰਾਂ ਨਾਲ ਫੋਟੋਆਂ ਅਪਲੋਡ ਕਰ ਕੇ ਸ਼ਰੇਆਮ ਗੰਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਹੈ, ਜਿਸ ’ਤੇ ਕਥਿਤ ਦੋਸ਼ੀਆਂ ਖਿਲਾਫ ਸਰਕਾਰੀ ਆਦੇਸ਼ਾਂ ਦੀ ਉਲੰਘਣਾਂ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News