ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ
Sunday, Apr 18, 2021 - 06:48 PM (IST)
ਜਲੰਧਰ (ਸੋਨੂੰ)— ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫੈੱਡਐਕਸ ਦੇ ਇਕ ਕੰਪਲੈਕਸ ’ਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ’ਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ’ਚ ਚਾਰ ਪੰਜਾਬੀ ਵਿਅਕਤੀ ਸ਼ਾਮਲ ਸਨ। ਸ਼ੱਕੀ ਬੰਦੂਕਧਾਰੀ ਨੇ ਹਮਲਾ ਕਰਨ ਦੇ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ ਸੀ। ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ’ਚ ਜਲੰਧਰ ਦੀ ਅਮਰਜੀਤ ਕੌਰ ਜੌਹਲ ਵੀ ਸ਼ਾਮਲ ਸੀ। ਅਮਰਜੀਤ ਕੌਰ ਜੌਹਲ ਜਲੰਧਰ ਦੇ ਪਿੰਡ ਸਲੇਮਪੁਰ ਮਸੰਦਾ ਦੀ ਰਹਿਣ ਵਾਲੀ ਸੀ, ਜੋਕਿ ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫੈੱਡੈਕਸ ਦੇ ਇਕ ਕੰਪਲੈਕਸ ’ਚ ਵੀਰਵਾਰ ਗੋਲੀਬਾਰੀ ਦੌਰਾਨ ਮਾਰੀ ਗਈ।
ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ
ਮੌਤ ਦੀ ਖ਼ਬਰ ਸੁਣ ਸਦਮੇ ’ਚ ਪਰਿਵਾਰ
ਅਮਰਜੀਤ ਕੌਰ ਜੌਹਲ ਦੇ ਦਿਓਰ ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਅਮਰਜੀਤ ਕੌਰ ਜੌਹਲ ਉਸ ਦੇ ਮਾਮੇ ਦੇ ਬੇਟੇ ਮੱਖਣ ਸਿੰਘ ਜੌਹਲ ਦੀ ਪਤਨੀ ਸੀ। ਉਨ੍ਹਾਂ ਦੇ ਭਰਾ ਦਾ ਪਰਿਵਾਰ ਅੱਜ ਤੋਂ ਕਰੀਬ 35 ਸਾਲ ਪਹਿਲਾਂ ਅਮਰੀਕਾ ’ਚ ਵਸ ਗਿਆ ਸੀ। ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਵਾਪਰੀ ਇਸ ਘਟਨਾ ਬਾਰੇ ਉਨ੍ਹਾਂ ਨੂੰ ਇੰਗਲੈਂਡ ਰਹਿੰਦੇ ਬੇਟਾ-ਬੇਟੀ ਤੋਂ ਮਿਲੀ। ਉਨ੍ਹਾਂ ਦੱਸਿਆ ਕਿ ਉਹ ਵੀ ਇੰਗਲੈਂਡ ਰਹਿੰਦੇ ਹਨ ਅਤੇ ਪਿਛਲੇ 5 ਮਹੀਨਿਆਂ ਤੋਂ ਇਥੇ ਆਏ ਹੋਏ ਹਨ। ਅਮਰਜੀਤ ਕੌਰ ਦੀ ਮੌਤ ਦੀ ਖ਼ਬਰ ਨੂੰ ਸੁਣ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ।
ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ‘ਫੈੱਡਐਕਸ’ ਕੰਪਨੀ ਦੇ ਇਕ ਕੰਪਲੈਕਸ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ ਸਨ। ਭਾਈਚਾਰੇ ਦੇ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੇਂਡਨ ਸਕਾਟ ਹੋਲ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੇ ਇੰਡੀਆਨਾਪੋਲਿਸ ਵਿਚ ਸਥਿਤ ਫੈੱਡਐਕਸ ਕੰਪਨੀ ਦੇ ਕੰਪਲੈਕਸ ਵਿਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਦੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ।
ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?