ਜਲੰਧਰ: ਹਾਈਵੇਅ 'ਤੇ 'ਵੀਵਾ ਕਲਾਜ' ਨੇੜੇ ਚੱਲੀਆਂ ਗੋਲੀਆਂ, ਬਾਊਂਸਰ ਜ਼ਖਮੀ (ਤਸਵੀਰਾਂ)

11/02/2017 1:27:45 PM

ਜਲੰਧਰ (ਸੋਨੂੰ/ਮਹੇਸ਼)— ਨੈਸ਼ਨਲ ਹਾਈਵੇਅ (ਜਲੰਧਰ-ਲੁਧਿਆਣਾ ਮਾਰਗ) 'ਤੇ ਪਰਾਗਪੁਰ ਨੇੜੇ ਵੀਵਾ ਕਲਾਜ ਮਾਲ ਵਿਖੇ ਬਣੇ ਹੋਏ ਹੈਂਗ ਆਊਟ ਬੀਅਰ-ਬਾਰ ਦੇ ਬਾਹਰ ਬੁੱਧਵਾਰ ਨੂੰ ਦਿਨ-ਦਿਹਾੜੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਗੁੰਡਾਗਰਦੀ ਨੂੰ ਦੇਖਦੇ ਹੋਏ ਉਥੇ ਮੌਜੂਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲਾਂ ਅਤੇ ਥਾਰ ਜੀਪ 'ਚ ਸਵਾਰ ਨੌਜਵਾਨ ਉਥੋ ਫਰਾਰ ਹੋ ਗਏ। 

PunjabKesariਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੌਜਵਾਨ ਹੈਂਗ-ਆਊਟ ਵਿਚ ਪਾਰਟੀ ਕਰਨ ਲਈ ਆਏ ਸਨ, ਜਿੱਥੇ ਪਹਿਲਾਂ ਤੋਂ ਹੀ ਮੌਜੂਦ ਲੜਕੀਆਂ ਨਾਲ ਉਨ੍ਹਾਂ ਵੱਲੋਂ ਛੇੜਛਾੜ ਕੀਤੇ ਜਾਣ ਕਾਰਨ ਉਥੇ ਡਿਊਟੀ ਕਰ ਰਹੇ ਬਾਊਂਸਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਈ ਵਾਰ ਮਨ੍ਹਾ ਕੀਤਾ, ਜਿਸ 'ਤੇ ਨੌਜਵਾਨ ਭੜਕ ਉਠੇ ਅਤੇ ਪਹਿਲਾਂ ਉਨ੍ਹਾਂ ਨੇ ਬਾਊਂਸਰਾਂ ਨਾਲ ਕਾਫੀ ਬਹਿਸ ਕੀਤੀ ਅਤੇ ਜਦੋਂ ਮਾਮਲਾ ਹਥੋਪਾਈ ਤੱਕ ਪਹੁੰਚ ਗਿਆ ਤਾਂ ਬਾਊਂਸਰਾਂ ਨੇ ਨੌਜਵਾਨਾਂ ਨੂੰ ਉਥੋ ਜਾਣ ਲਈ ਕਿਹਾ। ਪਹਿਲਾਂ ਤਾਂ ਨੌਜਵਾਨ ਉਥੋ ਚਲੇ ਗਏ ਪਰ ਕਰੀਬ 2 ਘੰਟਿਆਂ ਬਾਅਦ ਜਦੋਂ ਉਹ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਨੇ ਬਾਊਂਸਰਾਂ ਨੂੰ ਬਾਹਰ ਆਉਣ ਲਈ ਕਿਹਾ ਜਦੋਂਕਿ ਬਾਊਂਸਰ ਹੋਏ ਝਗੜੇ ਨੂੰ ਲੈ ਕੇ ਰਾਜ਼ੀਨਾਮੇ ਲਈ ਤਿਆਰ ਸਨ ਪਰ ਭੜਕੇ ਹੋਏ ਨੌਜਵਾਨਾਂ ਨੇ ਅਜਿਹਾ ਨਾ ਕਰਦੇ ਹੋਏ ਸੜਕ ਵਿਚਕਾਰ ਖੜ੍ਹੇ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਗੋਲੀ 24 ਸਾਲਾ ਬਾਊਂਸਰ ਜਸਪ੍ਰੀਤ ਪਾਲ ਉਰਫ ਜੱਸੀ ਪੁੱਤਰ ਮਹਿੰਦਰ ਪਾਲ ਵਾਸੀ ਪਿੰਡ ਕੋਟ ਖੁਰਦ ਥਾਣਾ ਸਦਰ ਜਲੰਧਰ ਦੇ ਪੱਟ 'ਚ ਜਾ ਕੇ ਲੱਗੀ, ਜਿਸ ਨਾਲ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਰਾਮਾ ਮੰਡੀ ਦੇ ਜੌਹਲ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾ. ਬੀ. ਐੱਸ. ਜੌਹਲ ਨੇ ਆਪਣੇ ਸਾਥੀ ਡਾਕਟਰਾਂ ਦੇ ਨਾਲ ਤੁਰੰਤ ਆਪਰੇਸ਼ਨ ਦਾ ਪ੍ਰਬੰਧ ਕਰਦੇ ਹੋਏ ਜੱਸੀ ਦੇ ਪੱਟ 'ਚ ਲੱਗੀ ਗੋਲੀ ਨੂੰ ਬਾਹਰ ਕੱਢਿਆ। ਆਪਰੇਸ਼ਨ ਤੋਂ ਬਾਅਦ ਡਾ. ਬੀ. ਐੱਸ. ਜੌਹਲ ਨੇ ਜੱਸੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। 

PunjabKesari
ਨੌਜਵਾਨਾਂ ਨੇ ਮੈਨੂੰ ਬਾਥਰੂਮ 'ਚ ਘੇਰ ਕੇ ਕੁੱਟਿਆ : ਜੱਸੀ
ਆਪਰੇਸ਼ਨ ਤੋਂ ਬਾਅਦ ਆਈ. ਸੀ. ਯੂ. ਵਿਚ ਭਰਤੀ ਬਾਊਂਸਰ ਜੱਸੀ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਹੈਂਗ-ਆਊਟ ਬੀਅਰ-ਬਾਰ ਵਿਖੇ ਬਾਊਂਸਰ ਦੀ ਨੌਕਰੀ ਕਰ ਰਿਹਾ ਹੈ। ਜਦੋਂਕਿ ਬਤੌਰ ਬਾਊਂਸਰ 6 ਸਾਲ ਤੋਂ ਉਹ ਕੰਪਨੀ ਦੇ ਕੋਲ ਨੌਕਰੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਉਥੇ ਮੌਜੂਦ ਲੜਕੀਆਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਰੋਕਣ 'ਤੇ ਉਨ੍ਹਾਂ ਨੇ ਪਹਿਲਾਂ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਫਿਰ ਬਾਥਰੂਮ 'ਚ ਗਏ ਇਕ ਬਾਊਂਸਰ ਨੂੰ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਬਾਥਰੂਮ ਵਿਚ ਲੱਗੇ ਹੋਏ ਸ਼ੀਸ਼ਿਆਂ ਨੂੰ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਹ ਕਾਫੀ ਦੇਰ ਤੱਕ ਲਲਕਾਰੇ ਮਾਰਦੇ ਰਹੇ। ਉਪਰੰਤ ਉਨ੍ਹਾਂ ਦੇ ਹੋਰ ਸਾਥੀ ਉਥੇ ਆ ਗਏ। ਉਨ੍ਹਾਂ ਹੰਗਾਮਾ ਜਾਰੀ ਰੱਖਿਆ। 3 ਵਜੇ ਕਰੀਬ ਇਕ ਨੌਜਵਾਨ ਨੇ ਆਪਣੀ ਪਿਸਤੌਲ ਤੋਂ ਉਥੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ 3-4 ਗੋਲੀਆਂ ਚਲਾਈਆਂ। ਇਕ ਗੋਲੀ ਉਸ ਦੇ ਪੱਟ ਵਿਚ ਲੱਗੀ। ਹੋਰਨਾਂ ਬਾਊਂਸਰਾਂ ਨੇ ਵੀ ਆਪਣਾ ਬਚਾਅ ਬੜੀ ਮੁਸ਼ਕਲ ਨਾਲ ਕੀਤਾ। ਜੱਸੀ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਗੋਲੀ ਲੱਗਣ ਤੋਂ ਬਾਅਦ ਆਪਣੀ ਜਾਨ ਬਚਦੀ ਦਿਖਾਈ ਨਹੀਂ ਦੇ ਰਹੀ ਸੀ। ਜੱਸੀ ਨੇ ਕਿਹਾ ਕਿ ਸਾਰੇ ਨੌਜਵਾਨ ਨਸ਼ੇ ਵਿਚ ਸਨ, ਜਿਸ ਕਾਰਨ ਉਹ ਲਗਾਤਾਰ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ। 
ਘਟਨਾ ਵਾਲੀ ਥਾਂ 'ਤੇ ਪੁਲਸ ਅਧਿਕਾਰੀ ਕਰਦੇ ਰਹੇ ਜਾਂਚ
ਨੈਸ਼ਨਲ ਹਾਈਵੇ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਦੇ ਉਚ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ, ਜਿਸ 'ਚ ਏ. ਡੀ. ਸੀ.ਪੀ. ਸਿਟੀ -1 ਕੁਲੰਵਤ ਸਿੰਘ ਹੀਰ, ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ, ਏ. ਸੀ. ਪੀ. ਸਤਿੰਦਰ ਕੁਮਾਰ ਚੱਢਾ, ਏ. ਸੀ. ਪੀ. ਪਰਮਿੰਦਰ ਸਿੰਘ ਅਤੇ ਇੰਸਪੈਕਟਰ ਬਿਮਲ ਕਾਂਤ ਤੋਂ ਇਲਾਵਾ ਥਾਣਾ ਰਾਮਾ ਮੰਡੀ ਦੇ ਐੱਸ. ਆਈ. ਰਵਿੰਦਰ ਕੁਮਾਰ ਇੰਚਾਰਜ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਸ਼ਾਮਲ ਸਨ। ਪੁਲਸ ਅਧਿਕਾਰੀ ਉਥੇ ਕਾਫੀ ਦੇਰ ਤੱਕ ਜਾਂਚ ਕਰਦੇ ਰਹੇ। ਹੈਂਗ ਆਊਟ 'ਚ ਤਾਇਨਾਤ ਬਾਊਂਸਰਾਂ ਅਤੇ ਮੈਨੇਜਰ ਤੋਂ ਇਲਾਵਾ ਹੋਰਨਾਂ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਮੌਕੇ ਤੋਂ ਪੁਲਸ ਨੇ ਫਰਾਰ ਨੌਜਵਾਨਾਂ ਦੀ ਥਾਰ ਜੀਪ ਤੇ ਇਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। 

ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਪੁਲਸ
ਹੈਂਗ ਆਊਟ 'ਚ ਹੋਈ ਵਾਰਦਾਤ ਨੂੰ ਲੈ ਕੇ ਪਾਰਕਿੰਗ ਤੇ ਹੋਰ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਪੁਲਸ ਖੰਗਾਲ ਰਹੀ ਹੈ। ਏ. ਸੀ. ਪੀ. ਸਤਿੰਦਰ ਕੁਮਾਰ ਚੱਢਾ ਨੇ ਕਿਹਾ ਕਿ ਕੁਝ ਕੈਮਰੇ ਖਰਾਬ ਹੋਣ ਕਾਰਨ ਉਨ੍ਹਾਂ 'ਚੋਂ ਕੁਝ ਦਿਖਾਈ ਨਹੀਂ ਦੇ ਰਿਹਾ, ਜਦਕਿ ਪਾਰਕਿੰਗ ਕੋਲ ਲੱਗੇ ਕੈਮਰੇ ਤੋਂ ਪਤਾ ਲੱਗਦਾ ਹੈ ਕਿ ਪੁਲਸ ਵੱਲੋਂ ਬਰਾਮਦ ਕੀਤੀ ਗਈ ਥਾਰ ਜੀਪ 2.15 ਤੋਂ 2.30 ਵਜੇ ਦੇ ਦਰਮਿਆਨ ਅੰਦਰ ਐਂਟਰ ਹੋਈ ਹੈ। ਹੈਂਗ ਆਊਟ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ ਵੀ ਕੱਢਣ ਲਈ ਉਥੋਂ ਦੇ ਮੈਨੇਜਰ ਨੂੰ ਕਿਹਾ ਗਿਆ ਹੈ।
ਮਨੀ, ਲੱਕੀ ਤੇ ਕਿੱਕੀ ਸਮੇਤ ਹੋਰਨਾਂ 'ਤੇ 307 ਦਾ ਪਰਚਾ ਦਰਜ
ਬਾਊਂਸਰ ਜੱਸੀ 'ਤੇ ਚਲਾਈਆਂ ਗਈਆਂ ਗੋਲੀਆਂ ਨੂੰ ਲੈ ਕੇ ਥਾਣਾ ਰਾਮਾ ਮੰਡੀ 'ਚ ਸੰਤੋਖਪੁਰਾ ਵਾਸੀ ਲੱਕੀ ਅਤੇ ਕਿੱਕੀ ਅਤੇ ਗੁੱਝਾਪੀਰ ਸਥਿਤ ਮੁਹੱਲਾ ਸ਼ਸ਼ੀ ਨਗਰ ਦੇ ਵਾਸੀ ਮਨੀ ਸਮੇਤ 2 ਦਰਜਨ ਤੋਂ ਜ਼ਿਆਦਾ ਅਣਪਛਾਤੇ ਲੋਕਾਂ ਖਿਲਾਫ 307 ਤੇ ਆਈ. ਪੀ. ਸੀ. ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਏ. ਸੀ. ਪੀ. ਸਤਿੰਦਰ ਚੱਢਾ ਨੇ ਕਰਦੇ ਹੋਏ ਕਿਹਾ ਕਿ ਪੁਲਸ ਨੇ ਕੁਝ ਹੀ ਘੰਟਿਆਂ 'ਚ ਵਾਰਦਾਤ ਨੂੰ ਟਰੇਸ ਕਰ ਲਿਆ ਹੈ। ਫਰਾਰ ਮੁਲਜ਼ਮ ਵੀ ਵੀਰਵਾਰ ਤੱਕ ਗ੍ਰਿਫਤਾਰ ਕਰ ਲਏ ਜਾਣਗੇ।


Related News