ਪਾਵਰਕਾਮ ਦੇ ਅਧਿਕਾਰੀ ''ਤੇ ਰਿਸ਼ਵਤ ਲੈਣ ਦਾ ਲਾਇਆ ਦੋਸ਼
Sunday, Nov 05, 2017 - 07:56 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਪਾਵਰਕਾਮ 'ਚ ਤਾਇਨਾਤ ਇਕ ਅਧਿਕਾਰੀ 'ਤੇ ਮਹਿੰਦਰ ਸਿੰਘ ਵਾਸੀ ਮਾਛੀਵਾੜਾ ਵਲੋਂ ਬਿਜਲੀ ਚੋਰੀ ਦੀ ਕੁੰਡੀ ਫੜੇ ਜਾਣ 'ਤੇ ਰਿਸ਼ਵਤ ਲਏ ਜਾਣ ਦਾ ਦੋਸ਼ ਲਾਇਆ ਗਿਆ ਹੈ। ਉਥੇ ਹੀ ਸ਼ਿਕਾਇਤਕਰਤਾ ਵਲੋਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ, ਵਿਜੀਲੈਂਸ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਇਸ ਅਧਿਕਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮਹਿੰਦਰ ਸਿੰਘ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸਦਾ ਇਕ ਲੜਕਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਤੇ ਬੇਰੁਜ਼ਗਾਰ ਹੈ। ਲੰਘੀ 31 ਅਕਤੂਬਰ ਨੂੰ ਪਾਵਰਕਾਮ ਦੇ ਅਧਿਕਾਰੀ ਨੇ ਉਨ੍ਹਾਂ ਦੇ ਘਰ ਆ ਕੇ ਬਿਜਲੀ ਮੀਟਰ ਦੀ ਚੈਕਿੰਗ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ, ਜਿਸ 'ਤੇ ਸ਼ਿਕਾਇਤਕਰਤਾ ਨੇ ਅਨਜਾਣਤਾ ਪ੍ਰਗਟਾਈ। ਸ਼ਿਕਾਇਤਕਰਤਾ ਮਹਿੰਦਰ ਸਿੰਘ ਅਨੁਸਾਰ ਉਕਤ ਅਧਿਕਾਰੀ ਨੇ ਉਸਨੂੰ ਡਰਾਇਆ-ਧਮਕਾਇਆ ਤੇ ਕਿਹਾ ਕਿ ਬਿਜਲੀ ਚੋਰੀ ਦਾ ਉਸ ਨੂੰ 45 ਹਜ਼ਾਰ ਰੁਪਏ ਜੁਰਮਾਨਾ ਪਵੇਗਾ ਤੇ ਜੁਰਮਾਨਾ ਨਾ ਪਾਉਣ ਦੀ ਆੜ 'ਚ ਉਸਨੇ 15 ਹਜ਼ਾਰ ਰੁਪਏ ਰਿਸ਼ਵਤ ਮੰਗੀ ਤੇ 10 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 31 ਅਕਤੂਬਰ ਨੂੰ ਮੈਂ ਉਕਤ ਅਧਿਕਾਰੀ ਨੂੰ 6 ਹਜ਼ਾਰ ਰੁਪਏ ਦੇ ਦਿੱਤੇ ਤੇ ਬਾਕੀ 4 ਹਜ਼ਾਰ ਰੁਪਏ ਜਲਦ ਦੇਣੇ ਮੰਨ ਲਏ। ਸ਼ਿਕਾਇਤਕਰਤਾ ਅਨੁਸਾਰ ਉਹ ਅੱਤ ਦਾ ਗਰੀਬ ਹੈ ਤੇ 4 ਹਜ਼ਾਰ ਰੁਪਏ ਦਾ ਇੰਤਜ਼ਾਮ ਨਾ ਹੋਣ ਕਾਰਨ ਪਾਵਰਕਾਮ ਦੇ ਇਸ ਅਧਿਕਾਰੀ ਨੇ ਮੈਨੂੰ 2 ਨਵੰਬਰ ਨੂੰ 15,644 ਰੁਪਏ ਦਾ ਬਿਜਲੀ ਚੋਰੀ ਦਾ ਨੋਟਿਸ ਭੇਜ ਦਿੱਤਾ। ਸ਼ਿਕਾਇਤਕਰਤਾ ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ 4 ਹਜ਼ਾਰ ਰੁਪਏ ਦੀ ਬਕਾਇਆ ਰਿਸ਼ਵਤ ਨਾ ਦੇਣ ਕਾਰਨ 2 ਦਿਨਾਂ ਬਾਅਦ ਨੋਟਿਸ ਭੇਜਣਾ ਗੈਰ-ਕਾਨੂੰਨੀ ਹੈ। ਜਦੋਂ ਉਸਨੇ 6 ਹਜ਼ਾਰ ਰੁਪਏ ਰਿਸ਼ਵਤ ਦੇ ਵਾਪਿਸ ਮੰਗੇ ਤਾਂ ਉਸ ਨੇ ਇਹ ਕਹਿ ਕੇ ਮੈਨੂੰ ਮੋੜ ਦਿੱਤਾ ਕਿ ਉਸਨੂੰ ਜੁਰਮਾਨਾ ਬਹੁਤ ਘੱਟ ਪਾਇਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ, ਪੰਜਾਬ ਦੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਲੁਧਿਆਣਾ ਤੇ ਪਾਵਰਕਾਮ ਦੇ ਚੇਅਰਮੈਨ ਨੂੰ ਸ਼ਿਕਾਇਤ ਪੱਤਰ ਭੇਜ ਕੇ ਮੰਗ ਕੀਤੀ ਕਿ ਉਸਦੇ ਰਿਸ਼ਵਤ ਦੇ ਪੈਸੇ ਵਾਪਿਸ ਦਿਵਾਏ ਜਾਣ ਤੇ ਉਕਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇ।
