ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ

08/21/2020 2:35:35 PM

ਚੰਡੀਗੜ੍ਹ : ਸੂਬੇ ਦੇ ਸਾਰੇ 167 ਸ਼ਹਿਰਾਂ/ਕਸਬਿਆਂ 'ਚ ਹੁਣ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਹੁਣ ਬਹੁਤ ਹੋ ਚੁੱਕਿਆ ਹੈ ਅਤੇ ਤੁਹਾਨੂੰ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਧਿਆਨ 'ਚ ਰੱਖਦਿਆਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।'' ਸੂਬੇ 'ਚ ਹੁਣ ਤੱਕ ਕੋਵਿਡ ਨਾਲ ਹੋਈਆਂ 920 ਮੌਤਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ,''ਹਰੇਕ ਮੌਤ ਨਾਲ ਮੈਨੂੰ ਦੁੱਖ ਹੁੰਦਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਸਥਿਤੀ ਦੇ ਵਿਗੜਨ ਦੀਆਂ ਸੰਭਾਵਨਾਵਾਂ ਹਨ।''
ਇਸ ਦੇ ਨਾਲ ਹੀ ਕੋਵਿਡ ਕੇਸਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐੱਸ. ਏ. ਐੱਸ.ਨਗਰ 'ਚ ਮੁੜ ਵਾਹਨਾਂ ਦੀ ਸਮਰੱਥਾ ਦੀਆਂ ਬੰਦਿਸ਼ਾਂ ਨੂੰ ਲਾਗੂ ਕੀਤਾ ਹੈ। ਬੱਸਾਂ ਅਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਅਤੇ ਨਿੱਜੀ ਚਾਰ ਪਹੀਆ ਵਾਹਨ ਨੂੰ ਪ੍ਰਤੀ ਵਾਹਨ ਤਿੰਨ ਸਵਾਰੀਆਂ ਤੱਕ ਚਲਾਉਣ ਦੀ ਇਜਾਜ਼ਤ ਹੋਵੇਗੀ। ਕਿਸੇ ਵੀ ਨਿੱਜੀ ਵਾਹਨ ਵਿਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠਣੀਆਂ ਚਾਹੀਦੀਆਂ। ਮੁੱਖ ਮੰਤਰੀ ਨੇ ਇਨ੍ਹਾਂ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਭੀੜ 'ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ਼ 50 ਫੀਸਦੀ ਦੁਕਾਨਾਂ ਖੋਲ੍ਹੀਆਂ ਜਾਣ। ਸੂਬੇ ਭਰ ਦੇ ਕੁੱਲ ਐਕਟਿਵ ਕੇਸਾਂ ਦੀ 80 ਫੀਸਦੀ ਗਿਣਤੀ ਸਿਰਫ਼ ਇਨ੍ਹਾਂ ਜ਼ਿਲ੍ਹਿਆਂ 'ਚ ਹੈ। 

ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ 'ਚ ਦਾਖਲੇ ਲਈ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ

ਅੱਜ ਤੋਂ ਹਫ਼ਤੇ ਦੇ ਅੰਤਿਮ ਦਿਨਾਂ (ਵੀਕੈਂਡ) ਲਈ ਤਾਲਾਬੰਦੀ
ਅੱਜ ਹਫ਼ਤੇ ਦੇ ਅੰਤਿਮ ਦਿਨਾਂ (ਵੀਕੈਂਡ) ਲਈ ਤਾਲਾਬੰਦੀ ਦਾ ਵੀ ਐਲਾਨ ਕੀਤਾ ਹੈ। ਇਸੇ ਕੜੀ ਵਿਚ 31 ਤੱਕ ਅਗਸਤ ਤੱਕ ਸਿਰਫ਼ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਸੂਬੇ ਭਰ 'ਚ ਹਰ ਤਰ੍ਹਾਂ ਦੇ ਇਕੱਠਾਂ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ 50 ਫੀਸਦੀ ਸਟਾਫ਼ ਨਾਲ ਖੁੱਲ੍ਹਣਗੇ।

ਪੰਜਾਬ ਦੇ ਸੀਮਤ ਜ਼ੋਨਾਂ 'ਚ 27.7 ਫੀਸਦੀ ਲੋਕ ਕੋਵਿਡ ਦੇ ਸੀਰੋਪਾਜ਼ੇਟਿਵ ਪਾਏ ਗਏ
ਪੰਜਾਬ ਦੇ ਸੀਮਤ ਜ਼ੋਨਾਂ ਵਿਚ 27.7 ਫੀਸਦੀ ਵਸੋਂ ਕੋਵਿਡ ਐਂਟੀਬਾਡੀਜ਼ ਦੇ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾਂ ਹੀ ਪੀੜਤ ਸਨ ਅਤੇ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ 'ਚ ਦਿਖਾਇਆ ਗਿਆ ਕਿ ਸੀਮਤ ਜ਼ੋਨਾਂ 'ਚ ਸਾਰਸ-ਕੋਵ-2 ਐਂਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲੇ ਵਿਚ 40 ਫੀਸਦੀ ਹੈ। ਇਸ ਤੋਂ ਬਾਅਦ ਲੁਧਿਆਣਾ 'ਚ 36.5 ਫੀਸਦੀ, ਐੱਸ. ਏ. ਐੱਸ. ਨਗਰ 'ਚ 33.2 ਫੀਸਦੀ, ਪਟਿਆਲਾ ਜ਼ਿਲ੍ਹੇ 'ਚ 19.2 ਫੀਸਦੀ ਅਤੇ ਜਲੰਧਰ 'ਚ 10.8 ਫੀਸਦੀ ਹੈ। ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ, ਜੋ ਪਹਿਲੀ ਤੋਂ 17 ਅਗਸਤ ਤਕ ਸੂਬੇ ਦੇ 5 ਸੀਮਤ ਜ਼ੋਨਾਂ 'ਚ ਯੋਜਨਾਬੰਦ ਤਰੀਕੇ ਨਾਲ ਕਰਵਾਇਆ ਗਿਆ ਅਤੇ ਇਸ ਵਿਚ ਬੇਤਰਤੀਬੇ (ਰੈਂਡਮ) ਤੌਰ 'ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ। ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਆਪਣੀ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੇ, ਜਿਸ ਅਨੁਸਾਰ ਕੌਮੀ ਰਾਜਧਾਨੀ ਵਿਚ 29 ਫੀਸਦੀ ਦੇ ਕਰੀਬ ਸੀਰੋਪਾਜ਼ੇਟਿਵ ਸਨ।

ਇਹ ਵੀ ਪੜ੍ਹੋ : ਸਾਵਧਾਨ! ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ ''ਤੇ ਮਹਿਕਮਾ ਬਿਨਾਂ ਨੋਟਿਸ ਦੇ ਕੱਟ ਸਕਦੈ ਕੁਨੈਕਸ਼ਨ    

ਪੰਜਾਬ ਦੇ ਇਸ ਨਿਵੇਕਲੇ ਸਰਵੇਖਣ ਲਈ 5 ਸੀਮਤ ਜ਼ੋਨਾਂ ਨੂੰ ਚੁਣਿਆ ਗਿਆ। ਜਿਨ੍ਹਾਂ ਖੇਤਰਾਂ ਵਿਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਹ , ਉਨ੍ਹਾਂ 'ਚ ਪਟਿਆਲਾ, ਐੱਸ.ਏ.ਐੱਸ. ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਇਲਾਕੇ ਸਨ। ਹਰੇਕ ਜ਼ੋਨ ਵਿਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ 'ਤੇ ਚੁਣੇ ਗਏ ਹਰੇਕ ਘਰ ਵਿਚੋਂ 18 ਸਾਲ ਤੋਂ ਵੱਧ ਉਮਰ ਦੇ ਇਕ ਬਾਲਗ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ। ਸਾਰੇ ਸੀਮਤ ਜ਼ੋਨਾਂ, ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫੀਸਦੀ ਲੋਕਾਂ ਵਿਚ ਸਾਰਸ ਕੋਵ-2 ਐਂਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ। ਸਰਵੇਖਣ ਦੀ ਰਿਪੋਰਟ ਅਨੁਸਾਰ ਸ਼ਹਿਰਾਂ ਦੇ ਬਾਕੀ ਇਲਾਕਿਆਂ ਵਿਚ ਇਹ ਗਿਣਤੀ ਘੱਟ ਹੈ ਜਦਕਿ ਪੇਂਡੂ ਖੇਤਰਾਂ ਵਿਚ ਇਹ ਗਿਣਤੀ ਸ਼ਹਿਰੀ ਇਲਾਕਿਆਂ ਨਾਲੋਂ ਹੋਰ ਵੀ ਘੱਟ ਹੈ। ਇਸ ਸਰਵੇਖਣ ਦਾ ਮਕਸਦ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਰਾਹੀਂ ਸਾਰਸ-ਕੋਵ-2 ਐਂਟੀਬਾਡੀਜ਼ (ਆਈ.ਜੀ.ਐੱਮ./ਆਈ.ਜੀ.ਜੀ.) ਦੇ ਪ੍ਰਸਾਰ ਨੂੰ ਦੇਖਣਾ ਸੀ।


Anuradha

Content Editor

Related News