ਜੀ. ਐੱਸ. ਟੀ. ਦੇਸ਼ ਨੂੰ ਤਬਾਹ ਕਰ ਦੇਵੇਗਾ : ਧਰਮਸੌਤ
Friday, Sep 29, 2017 - 07:18 AM (IST)
ਚੰਡੀਗੜ੍ਹ/ਖੰਨਾ (ਕਮਲ) - ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਜੰਗਲਾਤ, ਪਿੰ੍ਰਟਿੰਗ ਐਂਡ ਸਟੇਸ਼ਨਰੀ ਤੇ ਐੱਸ. ਸੀ. /ਬੀ. ਸੀ. ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ 'ਤੇ ਲਗਾਏ ਗਏ ਜੀ. ਐੱਸ. ਟੀ. ਟੈਕਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਜੀ. ਐੱਸ. ਟੀ. ਲਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ ਸੀ ਪਰ ਦੂਜੇ ਪਾਸੇ ਅੱਜ ਇਥੇ ਸਾਧੂ ਸਿੰਘ ਧਰਮਸੌਤ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੀ. ਐੱਸ. ਟੀ. ਦੇਸ਼ ਨੂੰ ਤਬਾਹ ਕਰਕੇ ਰੱਖ ਦੇਵੇਗਾ ਤੇ ਉਹ ਇਸ ਦਾ ਸ਼ਰੇਆਮ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਲਾਉਣ ਲਈ ਸਹਿਮਤੀ ਜ਼ਰੂਰ ਦਿੱਤੀ ਸੀ ਪਰ ਜਿਸ ਪ੍ਰਕਾਰ ਹੁਣ ਪਹਿਲਾਂ ਤੋਂ ਉਲਟ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਪਾਰੀਆਂ 'ਤੇ ਟੈਕਸ ਥੋਪਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਵਾਪਰੀਆਂ ਨੂੰ ਜੀ. ਐੱਸ. ਟੀ. ਦੇ ਨਾਮ 'ਤੇ ਡਰਾਇਆ ਜਾ ਰਿਹਾ ਹੈ, ਉਹ ਜੀ. ਐੱਸ. ਟੀ. ਦੇ ਵਿਰੁੱਧ ਹੋ ਗਏ ਹਨ।
ਧਰਮਸੌਤ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਤੇ ਉਨ੍ਹਾਂ ਨੂੰ ਵਜ਼ੀਰ ਬਣਾਇਆ ਹੈ ਪਰ ਜੇਕਰ ਇਹ ਲੋਕ ਹੀ ਪ੍ਰੇਸ਼ਾਨ ਅਤੇ ਦੁਖੀ ਹਨ ਤਾਂ ਉਹ ਜੀ. ਐੱਸ. ਟੀ. ਦਾ ਸਮਰਥਨ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦੀਆਂ ਮਹੀਨੇ ਵਿਚ 3-3 ਰਿਟਰਨਾਂ ਭਰਨ ਨਾਲ ਵਪਾਰੀ ਵਪਾਰ ਕਰੇਗਾ ਜਾਂ ਰਿਟਰਨਾਂ ਭਰੇਗਾ। ਕੇਂਦਰ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਤੋਂ ਵੀ ਮਾੜਾ ਇਕ ਵੱਖ ਦੇਸ਼ ਹੋਣ ਵਰਗਾ ਵਤੀਰਾ ਕਰ ਰਹੀ ਹੈ ਤੇ ਪੰਜਾਬ ਦੇ ਹਿੱਸੇ ਦਾ ਜੀ. ਐੱਸ. ਟੀ. ਵੀ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਇਸ ਮੌਕੇ ਮੌਜੂਦ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਜੀ. ਐੱਸ. ਟੀ. ਦਾ ਵਿਰੋਧ ਕਰਨ ਲਈ ਪੰਜਾਬ ਪੱਧਰ 'ਤੇ ਰਣਨੀਤੀ ਬਣਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਵਪਾਰੀਆਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਇੰਡਸਟਰੀ ਸੈੱਲ ਦੇ ਚੇਅਰਮੈਨ ਹਰਦੇਵ ਸਿੰਘ ਰੋਸ਼ਾ, ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਵੀ ਮੌਜੂਦ ਸਨ।
